ਬਲਵਿੰਦਰ ਸਿੰਘ ਭੰਗੂ
ਭੋਗਪੁਰ, 7 ਜੁਲਾਈ
ਬਲਾਕ ਭੋਗਪੁਰ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਆਮ ਲੋਕਾਂ ਦੀ ਕੋਈ ਸਾਰ ਨਾ ਲੈਣ ਤੋਂ ਦੁਖੀ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਿੱਚ ਆਉਣ ’ਤੇ ਰੋਕ ਲਗਾਉਣ ਲਈ ਕਾਰਵਾਈ ਰਜਿਸਟਰਾਂ ਵਿੱਚ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਿੰਡ ਕਿੰਗਰਾ ਚੋਅ ਵਾਲਾ ਅਤੇ ਪਚਰੰਗਾ ਦੀਆਂ ਪੰਚਾਇਤਾਂ ਵੱਲੋਂ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਆਉਣ ਤੋਂ ਰੋਕਣ ਦੇ ਪਾਏ ਮਤਿਆਂ ਤੋਂ ਬਾਅਦ ਪਿੰਡ ਲੁਹਾਰਾਂ (ਮਾਣਕਰਾਏ) ਦੀ ਸਰਪੰਚ ਕੁਲਵਿੰਦਰ ਕੌਰ ਨੇ ਸਾਰੇ ਪਿੰਡ ਦਾ ਇਕੱਠ ਕਰਕੇ ਕਾਰਵਾਈ ਰਜਿਸਟਰ ਵਿੱਚ ਮਤਾ ਪਾਇਆ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਸਿਆਸੀ ਆਗੂਆਂ ਨੂੰ ਪਿੰਡ ਵਿੱਚ ਆਉਣ ਦੀ ਸਖਤ ਮਨਾਹੀ ਹੈ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਲਾਕ ਦੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਸਿਆਸੀ ਆਗੂਆਂ ਤੋਂ ਅੱਕ ਕੇ ਕਾਰਵਾਈ ਰਜਿਸਟਰਾਂ ਵਿੱਚ ਮਤੇ ਪਾਸ ਕਰ ਕੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਕਰਨ ’ਤੇ ਰੋਕ ਲਗਾਉਣ ਲਈ ਉਤਾਵਲੀਆਂ ਹਨ। ਪੰਚਾਇਤਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ ਅਤੇ ਮੰਤਰੀਆਂ ਦੀਆਂ ਤਨਖਾਹਾਂ ਵੀ ਨਾ ਮਾਤਰ ਹੀ ਹੋਣ ਅਤੇ ਉਨ੍ਹਾਂ ਨੂੰ ਪੈਨਸ਼ਨ ਵੀ ਓਨੀ ਹੀ ਮਿਲੇ ਜਿੰਨੀ ਆਮ ਲੋਕਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ। ਪੰਚਾਇਤਾਂ ਦਾ ਇਹ ਵੀ ਕਹਿਣਾ ਹੈ ਕਿ ਸਿਆਸੀ ਆਗੂ ਸੇਵਾਦਾਰ ਹਨ, ਸਰਕਾਰੀ ਮੁਲਾਜ਼ਮ ਨਹੀਂ ਹਨ। ਉਨ੍ਹਾਂ ਨੇ ਸਿਆਸਤ ਵਿੱਚੋਂ ਪਰਿਵਾਰਵਾਦ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ।