ਨਵੀਂ ਦਿੱਲੀ, 7 ਜੁਲਾਈ
‘ਫਿਚ ਰੇਟਿੰਗਜ਼’ ਨੇ ਭਾਰਤ ਦੀ ਵਿਕਾਸ ਦਰ ਇਸ ਵਿੱਤੀ ਵਰ੍ਹੇ ਲਈ 10 ਪ੍ਰਤੀਸ਼ਤ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਪਹਿਲਾਂ ਵਿਕਾਸ ਦਰ ਦੇ 12.8 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ। ਇਸ ਲਈ ਕੋਵਿਡ ਦੀ ਦੂਜੀ ਲਹਿਰ ਕਾਰਨ ਸੁਸਤ ਹੋਈ ਰਿਕਵਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੇਜ਼ੀ ਨਾਲ ਟੀਕਾਕਰਨ ਹੀ ਕਾਰੋਬਾਰਾਂ ਨੂੰ ਸਥਿਰ ਕਰਨ ਵਿਚ ਮਦਦ ਕਰੇਗਾ ਤੇ ਖ਼ਪਤਕਾਰਾਂ ਦੇ ਭਰੋਸੇ ਨੂੰ ਬਹਾਲ ਕਰੇਗਾ। ਆਲਮੀ ਪੱਧਰ ’ਤੇ ਦਰਜਾਬੰਦੀ ਕਰਨ ਵਾਲੀ ਏਜੰਸੀ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਬੈਂਕਿੰਗ ਸੈਕਟਰ ਲਈ ਚੁਣੌਤੀਆਂ ਵੱਧ ਗਈਆਂ ਹਨ। ਏਜੰਸੀ ਦਾ ਕਹਿਣਾ ਹੈ ਕਿ ਬਿਨਾਂ ਟੀਕਾਕਰਨ ਆਰਥਿਕ ਰਿਕਵਰੀ ਮੁੜ ਵਾਇਰਸ ਦੀਆਂ ਲਹਿਰਾਂ ਤੇ ਲੌਕਡਾਊਨ ਦਾ ਸ਼ਿਕਾਰ ਹੁੰਦੀ ਰਹੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੂਜੀ ਲਹਿਰ ਦੌਰਾਨ ਸਥਾਨਕ ਪੱਧਰਾਂ ਉਤੇ ਹੋਈ ਤਾਲਾਬੰਦੀ ਨੇ ਆਰਥਿਕ ਗਤੀਵਿਧੀਆਂ ਲਈ 2020 ਵਾਲੇ ਹੀ ਹਾਲਾਤ ਪੈਦਾ ਕਰ ਦਿੱਤੇ ਹਨ। ਏਜੰਸੀ ਨੇ ਭਾਰਤ ਦੀ ਮੀਡੀਅਮ ਟਰਮ ਵਿਕਾਸ ਦਰ 6.5 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਾਇਆ ਹੈ। ‘ਫਿਚ’ ਨੇ ਕਿਹਾ ਕਿ ਟੀਕਾਕਰਨ ਤੋਂ ਬਿਨਾਂ ਚੁੱਕੇ ਜਾ ਰਹੇ ਕਦਮ ਸਿਰਫ਼ ਅੰਤ੍ਰਿਮ ਰਾਹਤ ਦੇਣਗੇ। -ਪੀਟੀਆਈ