ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਲਗਾਤਾਰ ਬਿਜਲੀ ਦਾ ਸੰਕਟ ਝੱਲ ਰਹੇ ਪੰਜਾਬ ਦੀ ਤਕਲੀਫ਼ ਹੋਰ ਵਧਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਬਣਾਂਵਾਲਾ ਥਰਮਲ ਪਲਾਂਟ ਦਾ ਤੀਸਰਾ ਯੂਨਿਟ ਵੀ ਜਵਾਬ ਦੇਣ ਲੱਗਾ ਹੈ ਤੇ ਅੱਧੀ ਬਿਜਲੀ ਪੈਦਾ ਕਰਨ ਲੱਗ ਪਿਆ ਹੈ। ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਸਭ ਤੋਂ ਵੱਡੇ ਇਸ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ। ਇਸ ਕਾਰਨ ਰਾਜ ਨੂੰ ਬਾਹਰੋਂ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵੇਰਵਿਆਂ ਅਨੁਸਾਰ ਇਸ ਤਾਪ ਘਰ ਦਾ ਯੂਨਿਟ ਨੰਬਰ-2 680 ਮੈਗਾਵਾਟ ਵਿਚੋਂ ਸਿਰਫ਼ 325 ਮੈਗਾਵਾਟ ਬਿਜਲੀ ਹੀ ਸਪਲਾਈ ਕਰ ਰਿਹਾ ਹੈ, ਜਦਕਿ ਅੱਜ ਸਵੇਰ ਤੱਕ ਇਸ ਵੱਲੋਂ ਉੱਤਰੀ ਗਰਿੱਡ ਨੂੰ ਪੂਰੀ ਬਿਜਲੀ ਸਪਲਾਈ ਕੀਤੀ ਜਾ ਰਹੀ ਸੀ। ਇਸ ਦੇ ਤਕਨੀਕੀ ਨੁਕਸ ਨੂੰ ਜਾਣਨ ਲਈ ਮਾਹਿਰਾਂ ਦੀ ਟੀਮ ਜੁੱਟ ਗਈ ਹੈ। ਇਸ ਤਾਪ ਘਰ ਵਿੱਚ ਪਿਛਲੇ ਲਗਾਤਾਰ 72 ਘੰਟਿਆਂ ਤੋਂ ਯੂਨਿਟ ਨੰਬਰ-1 ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ, ਪਰ ਉਸ ਦੇ ਨੁਕਸ ਨੂੰ ਦੂਰ ਕਰਨ ਦੇ ਬਾਵਜੂਦ ਅਜੇ ਤੱਕ ਬਿਜਲੀ ਦੀ ਪੈਦਾਵਾਰ ਹੋਣੀ ਆਰੰਭ ਨਹੀਂ ਹੋ ਸਕੀ ਹੈ, ਜਦਕਿ ਤਕਨੀਕੀ ਮਾਹਿਰਾਂ ਨੇ ਇਸ ਯੂਨਿਟ ਨੂੰ 48 ਘੰਟੇ ਪਹਿਲਾਂ ਹੀ ਲਾਈਨ ਅੱਪ ਕੀਤਾ ਹੋਇਆ ਹੈ। ਮਾਹਿਰਾਂ ਅਨੁਸਾਰ ਇਸ ਦੇ ਲਾਈਨ ਅੱਪ ਹੋਣ ਦੇ ਬਾਵਜੂਦ ਬਿਜਲੀ ਸਪਲਾਈ ਵਿੱਚ ਬਣੇ ਅੜਿੱਕੇ ਨੂੰ ਵਾਰ-ਵਾਰ ਘੋਖਿਆ ਜਾ ਰਿਹਾ ਹੈ, ਪਰ ਮੁੱਖ ਰੂਪ ਵਿੱਚ ਨੁਕਸ ਸਾਹਮਣੇ ਉੱਭਰ ਕੇ ਨਹੀਂ ਆ ਸਕਿਆ ਹੈ। ਇਸ ਕਾਰਨ ਥਰਮਲ ਪ੍ਰਬੰਧਕ ਵੀ ਪ੍ਰੇਸ਼ਾਨ ਹਨ। ਉਂਝ ਮਾਹਿਰਾਂ ਦਾ ਕਹਿਣਾ ਹੈ ਕਿ ਭਲਕ ਸਵੇਰ ਤੱਕ ਇਸ ਯੂਨਿਟ ਤੋਂ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਦੀ ਹੁਣ ਆਸ ਬਣ ਗਈ ਹੈ। ਇਸ ਯੂਨਿਟ ਦੇ ਚਾਲੂ ਹੋਣ ਤੋਂ ਬਾਅਦ ਸੰਕਟ ਤੋਂ ਰਾਹਤ ਮਿਲਣ ਦੀ ਉਮੀਦ ਹੈ। ਬਿਜਲੀ ਦੇ ਸੰਕਟ ਕਾਰਨ ਪੰਜਾਬ ਸਰਕਾਰ ਨੇ 10 ਜੁਲਾਈ ਤੱਕ ਸਮੂਹ ਸਰਕਾਰੀ ਅਦਾਰਿਆਂ ਵਿੱਚ ਏਸੀ ਚਲਾਉਣ ਅਤੇ ਵੱਡੇ ਉਦਯੋਗਾਂ ਨੂੰ ਬੰਦ ਰੱਖਣ ਦੀ ਬਕਾਇਦਾ ਅਪੀਲ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਬਣਾਂਵਾਲਾ ਤਾਪ ਘਰ ਦੇ ਯੂਨਿਟ ਨੰਬਰ-1 ਵਿਚ ਚਾਰ ਦਿਨ ਪਹਿਲਾਂ ਅੱਧੀ ਰਾਤ ਨੂੰ ਟਰਿੱਪ ਕਰਨ ਕਾਰਨ ਕੋਈ ਨੁਕਸ ਪੈ ਗਿਆ ਸੀ। ਇਸ ਤਾਪ ਘਰ ਦਾ ਯੂਨਿਟ ਨੰਬਰ-3 ਪਹਿਲਾਂ ਹੀ ਮਾਰਚ ਮਹੀਨੇ ਤੋਂ ਬੰਦ ਪਿਆ ਹੈ। ਬਣਾਂਵਾਲਾ ਤਾਪ ਘਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੂਨਿਟ ਨੰਬਰ-1 ਲਗਭਗ ਠੀਕ ਹੋ ਗਿਆ ਹੈ ਅਤੇ ਇਸ ਨੂੰ ਚਾਲੂ ਕਰ ਦਿੱਤਾ ਗਿਆ ਹੈ, ਜਦਕਿ ਕੁੱਝ ਘੰਟਿਆਂ ਬਾਅਦ ਬਿਜਲੀ ਪੈਦਾ ਹੋਣੀ ਆਰੰਭ ਹੋ ਜਾਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਜਰਾਤ ਵਿੱਚ ਮੁਰੰਮਤ ਲਈ ਭੇਜੇ ਗਏ ਯੂਨਿਟ ਨੰਬਰ-3 ਦੇ ਛੇਤੀ ਠੀਕ ਹੋਕੇ ਆਉਣ ਦੀ ਆਸ ਹੈ ਅਤੇ ਜਿਉਂ ਹੀ ਉਹ ਆ ਜਾਂਦਾ ਹੈ ਤਾਂ ਰਾਜ ਵਿੱਚ ਬਿਜਲੀ ਸਪਲਾਈ ਦੀ ਕੋਈ ਵੀ ਕਮੀ ਨਹੀਂ ਆਵੇਗੀ।
ਪਾਵਰਕੌਮ ਵੱਲੋਂ ਪਲਾਂਟ ਦੀ ਮੈਨੇਜਮੈਂਟ ਨੂੰ ਸਖ਼ਤੀ ਦੀ ਚਿਤਾਵਨੀ
ਪਟਿਆਲਾ (ਰਵੇਲ ਸਿੰਘ ਭਿੰਡਰ): ਪਾਵਰਕੌਮ ਨੇ ਅੱਜ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਬੰਦ ਯੂਨਿਟਾਂ ਦੇ ਮਾਮਲੇ ਬਾਰੇ ਸਖ਼ਤੀ ਭਰਿਆ ਪੱਤਰ ਲਿਖਿਆ ਹੈ। ਪਲਾਂਟ ਦੇ ਅਪਰੇਸ਼ਨਲ ਹੈੱਡ, ਮੁੰਬਈ ਦਫ਼ਤਰ ਸਮੇਤ ਪਲਾਂਟ ਨਾਲ ਸਬੰਧਤ ਹੋਰ ਅਧਿਕਾਰੀਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਪਲਾਂਟ ਨੂੰ ਬਿਨਾਂ ਦੇਰੀ ਪੂਰੀ ਲੋਡ ਸਮੱਰਥਾ ’ਤੇ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਵਰਕੌਮ ਨੇ ਪਲਾਂਟ ਨੂੰ ਜੁਰਮਾਨੇ ਦਾ ਨੋਟਿਸ ਵੀ ਜਾਰੀ ਕੀਤਾ ਸੀ। ਪਾਵਰਕੌਮ ਮੁੱਖ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੁਰਮਾਨੇ ਦੇ ਨੋਟਿਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਪਾਵਰ ਪਲਾਂਟ ਦੀ ਮੈਨੇਜਮੈਂਟ ਦੇ ਅੱਖੜ ਰਵੱਈਏ ਤੋਂ ਪਾਵਰਕੌਮ ਕਾਫ਼ੀ ਖਫ਼ਾ ਹੈ। ਸੀਐਮਡੀ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਗ਼ੈਰ ਜ਼ਿੰਮੇਵਾਰਾਨਾ ਰਵੱਈਏ ਨੂੰ ਲੈ ਕੇ ਅੱਜ ਪਲਾਂਟ ਦੀ ਮੈਨੇਜਮੈਂਟ ਨੂੰ ਡੀ.ਓ. ਪੱਤਰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਪਲਾਂਟ ਦੇ ਅਪਰੇਸ਼ਨਲ ਹੈੱਡ ਨੂੰ ਉਸ ਦੇ ਮੁੰਬਈ ਦਫ਼ਤਰ ’ਤੇ ਭੇਜਿਆ ਗਿਆ ਹੈ। ਪਾਵਰਕੌਮ ਨੇ ਵੱਡਾ ਜੁਰਮਾਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ।