ਕੋਲਕਾਤਾ, 7 ਜੁਲਾਈ
ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਪੱਛਮੀ ਬੰਗਾਲ ਅਸੈਂਬਲੀ ’ਚ ਵਿੱਤੀ ਸਾਲ 2021-2022 ਲਈ 3.08 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਬਜਟ ਵਿੱਚ ਯਾਤਰੀ ਟਰਾਂਸਪੋਰਟ ਵਾਹਨਾਂ ਲਈ ਰੋਡ ਟੈਕਸ ਖ਼ਤਮ ਕਰਨ ਤੇ ਸਟੈਂਪ ਡਿਊਟੀ ’ਚ ਛੋਟ ਜਿਹੇ ਕਈ ਐਲਾਨ ਕੀਤੇ ਗਏ ਹਨ।
ਪੱਛਮੀ ਬੰਗਾਲ ਦੇ ਸਨਅਤ ਮੰਤਰੀ ਪਾਰਥਾ ਚੈਟਰਜੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਮੋਟਰ ਵਾਹਨ ਟੈਕਸ ਵਿੱਚ 1 ਜੁਲਾਈ 2021 ਤੋਂ 31 ਦਸੰਬਰ 2021 ਦੇ ਅਰਸੇ ਦੌਰਾਨ ਇਕ ਵਾਰ ਲਈ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਕਰਾਰਨਾਮਿਆਂ ਦੀ ਰਜਿਸਟ੍ਰੇਸ਼ਨ ’ਤੇ ਲਗਦੀ ਸਟੈਂਪ ਡਿਊਟੀ ਨੂੰ 2 ਫੀਸਦ ਘਟਾਉਣ ਦੀ ਤਜਵੀਜ਼ ਰੱਖੀ ਹੈ ਜਦੋਂ ਕਿ ਸਰਕਲ ਦਰਾਂ ਨੂੰ ਦਸ ਫੀਸਦ ਤੱਕ ਘਟਾਉਣ ਦੀ ਤਜਵੀਜ਼ ਹੈ। ਚੈੈਟਰਜੀ ਨੇ ਵਿੱਤ ਮੰਤਰੀ ਅਮਿਤ ਮਿਤਰਾ ਦੀ ਨਾਸਾਜ਼ ਸਿਹਤ ਕਰਕੇ ਬਜਟ ਪੇਸ਼ ਕੀਤਾ। ਉਨ੍ਹਾਂ ਵਿਦਿਆਰਥੀ ਕਰੈਡਿਟ ਕਾਰਡ ਸਕੀਮ, ਜੋ 30 ਜੂਨ ਨੂੰ ਸ਼ੁਰੂ ਕੀਤੀ ਗਈ ਸੀ, ਦੀ ਗੱਲ ਕਰਦਿਆਂ ਕਿਹਾ ਕਿ ਮਾਲੀ ਸਹਾਇਤਾ ਵਜੋਂ ਚਾਰ ਫੀਸਦ ਦੀ ਦਰ ਨਾਲ ਵਿਆਜ ਲਿਆ ਜਾਵੇਗਾ ਜਦੋਂਕਿ ਬਚਦਾ ਵਿਆਜ ਸਰਕਾਰ ਅਦਾ ਕਰੇਗੀ। -ਪੀਟੀਆਈ