ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਜੁਲਾਈ
ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਵਿੱਚ ਵਿਆਹੁਤਾ ਜੋੜੇ ਨੇ ਮਜ਼ਾਕ ਵਿੱਚ ਕੋਲਡ ਡਰਿੰਕ ਵਿੱਚ ਕੋਈ ਜ਼ਹਿਰਲੀ ਦਵਾਈ ਪਾ ਕੇ ਨਿਗਲ ਲਈ, ਜਿਸ ਕਾਰਨ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਥਾਣਾ ਸਮਾਲਸਰ ਮੁਖੀ ਕੋਮਲਪ੍ਰੀਤ ਸਿੰਘ ਅਤੇ ਜਾਂਚ ਅਧਿਕਾਰੀ ਰਾਜ ਸਿੰਘ ਮੁਤਾਬਕ ਹਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵਾਸੀ ਪਿੰਡ ਵੈਰੋਕੇ ਨੇ ਮਜ਼ਾਕ ’ਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਜੋੜੇ ਦਾ ਕਰੀਬ 5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਕਰੀਬ ਇੱਕ ਸਾਲ ਦੀ ਧੀ ਵੀ ਹੈ। ਮ੍ਰਿਤਕਾ ਦੀ ਮਾਂ ਸਿਮਰਨਜੀਤ ਕੌਰ ਨੇ ਦੱਸਿਆ ਕਿ 4 ਜੁਲਾਈ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਅਤੇ ਜਵਾਈ ਹਰਜਿੰਦਰ ਸਿੰਘ ਆਪਸ ਵਿੱਚ ਗੱਲਾਂ ਕਰਦੇ ਇੱਕ-ਦੂਜੇ ਨਾਲ ਮਜ਼ਾਕ ਕਰ ਰਹੇ ਸਨ। ਇਸ ਵਿੱਚ ਉਸ ਦੀ ਧੀ ਨੇ ਜਵਾਈ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦਾ ਹੈ ਤੇ ਫਿਰ ਜਵਾਈ ਨੇ ਉਸ ਦੀ ਧੀ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦੀ ਹੈ। ਇਸ ਤੋਂ ਬਾਅਦ ਮਜ਼ਾਕ ’ਚ ਦੋਵੇਂ ਕੋਲਡ ਡਰਿੰਕ ’ਚ ਚੂਹੇ ਮਾਰਨ ਵਾਲੀ ਦਵਾਈ ਪਾ ਕੇ ਨਿਗਲ ਗਏ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਮਨਪ੍ਰੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਹਰਜਿੰਦਰ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।