ਸ਼ਗਨ ਕਟਾਰੀਆ
ਬਠਿੰਡਾ, 7 ਜੁਲਾਈ
ਗੈਂਗਸਟਰ ਰਹੇ ਤੇ ਮਗਰੋਂ ਸਮਾਜ ਦੀ ਮੁੱਖ ਧਾਰਾ ਵਿਚ ਪਰਤੇ ਕੁਲਬੀਰ ਨਰੂਆਣਾ ਦਾ ਅੱਜ ਉਸ ਦੇ ਸਾਥੀ ਮਨਪ੍ਰੀਤ ਸਿੰਘ ਮੰਨਾ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਨਰੂਆਣਾ ਪਿੰਡ ’ਚ ਕੁਲਬੀਰ ਦੇ ਘਰ ਤੜਕੇ ਵਾਪਰੀ ਅਤੇ ਇਸ ਵਿੱਚ ਹਮਲਾਵਰ ਨੇ ਕੁਲਬੀਰ ਦੇ ਇਕ ਹੋਰ ਸਾਥੀ ਚਮਕੌਰ ਸਿੰਘ ਨੂੰ ਵੀ ਵਿਰੋਧ ਕਰਨ ’ਤੇ ਆਪਣੀ ਗੱਡੀ ਹੇਠ ਦੇ ਦਿੱਤਾ ਤੇ ਉਸ ਦੀ ਮੌਤ ਹੋ ਗਈ। ਕੁਲਬੀਰ ਦੇ ਇਕ ਹੋਰ ਸਾਥੀ ਨੇ ਵਾਰਦਾਤ ਮਗਰੋਂ ਕਾਰ ’ਚ ਫ਼ਰਾਰ ਹੋ ਰਹੇ ਹਮਲਾਵਰ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇਕ ਗੋਲੀ ਉਸ ਦੇ ਲੱਗ ਗਈ। ਬਾਅਦ ਵਿਚ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਵੇਰਵਿਆਂ ਮੁਤਾਬਕ ਕੁਲਬੀਰ ਦਾ ਅੰਗ ਰੱਖਿਅਕ ਦੱਸਿਆ ਜਾਂਦਾ ਤਲਵੰਡੀ ਸਾਬੋ ਦਾ ਵਸਨੀਕ ਮਨਪ੍ਰੀਤ ਸਿੰਘ ਮੰਨਾ ਅੱਜ ਸਾਢੇ ਸੱਤ ਵਜੇ ਦੇ ਕਰੀਬ ਕੁਲਬੀਰ ਨੂੰ ਮਿਲਣ ਉਸ ਦੇ ਘਰ ਆਇਆ। ਚਾਹ ਬਣਨ ਤੱਕ ਦੋਵੇਂ ਜਣੇ ਕਾਰ ਵਿਚ ਬੈਠ ਗਏ। ਮੰਨਾ ਨੇ ਕੁਲਬੀਰ ਦੀ ਛਾਤੀ ’ਚ ਗੋਲੀਆਂ ਵੀ ਕਾਰ ਦੇ ਅੰਦਰ ਹੀ ਦਾਗੀਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਕੁਲਬੀਰ ਦੇ ਸਾਥੀ ਵੀ ਉੱਥੇ ਪਹੁੰਚ ਗਏ। ਕਾਰ ਥੱਲੇ ਦਰੜ ਕੇ ਮਾਰੇ ਗਏ ਚਮਕੌਰ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਫ਼ਰਾਰ ਹੋਣ ਦੀ ਤਾਕ ’ਚ ਮੰਨਾ ਨੇ ਪਹਿਲਾਂ ਉਸ ਦੀ ਲੱਤ ਵਿਚ ਗੋਲੀ ਮਾਰੀ ਅਤੇ ਫਿਰ ਉਸ ਉੱਪਰ ਕਾਰ ਚੜ੍ਹਾ ਦਿੱਤੀ। ਮੰਨਾ ਕੋਲ ਦੋ ਪਿਸਤੌਲ ਹੋਣ ਬਾਰੇ ਦੱਸਿਆ ਗਿਆ ਹੈ ਤੇ ਉਹ ਆਪਣੇ ਦੋਵੇਂ ਹੱਥਾਂ ਨਾਲ ਇਨ੍ਹਾਂ ਦੀ ਵਰਤੋਂ ਕਰ ਰਿਹਾ ਸੀ। ਕੁਲਬੀਰ ਨਰੂਆਣਾ ’ਤੇ ਕਰੀਬ ਸਵਾ ਦਰਜਨ ਅਪਰਾਧਕ ਮਾਮਲੇ ਦਰਜ ਹਨ ਤੇ ਉਹ ਕਾਫ਼ੀ ਦੇਰ ਤੋਂ ਅਪਰਾਧ ਦੀ ਦੁਨੀਆ ਤੋਂ ਵੱਖ ਆਮ ਵਾਂਗ ਜੀਵਨ ਬਤੀਤ ਕਰ ਰਿਹਾ ਸੀ। ਲੰਘੀ 21 ਜੂਨ ਦੇਰ ਰਾਤ ਨੂੰ ਜਦੋਂ ਉਹ ਬਠਿੰਡਾ ਤੋਂ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਉਸ ਦੀ ਬੁਲੇਟ ਪਰੂਫ਼ ਗੱਡੀ ਉੱਪਰ ਬਠਿੰਡਾ ਦੀ ਰਿੰਗ ਰੋਡ ’ਤੇ ਫ਼ਾਇਰਿੰਗ ਹੋਈ ਸੀ। ਇਸ ਸਬੰਧੀ ਪੁਲੀਸ ਨੇ ਕੁਲਬੀਰ ਦੀ ਸ਼ਿਕਾਇਤ ’ਤੇ ਚਾਰ ਜਣਿਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ। ਨਰੂਆਣਾ ਦੇ ਵਸਨੀਕਾਂ ਨੇ ਦੱਸਿਆ ਕਿ ਮ੍ਰਿਤਕ ਸੌ ਦੇ ਕਰੀਬ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾ ਚੁੱਕਾ ਸੀ ਤੇ ਆਪਣੀ ਦਿੱਖ ਸੁਧਾਰ ਰਿਹਾ ਸੀ।
ਪੁਲੀਸ ਜਾਂਚ ਦੇ ਘੇਰੇ ’ਚ ਸੀ ਹਮਲਾਵਰ
ਸੂਤਰਾਂ ਮੁਤਾਬਕ ਮਨਪ੍ਰੀਤ ਮੰਨਾ ਕਰੀਬ ਡੇਢ ਦਹਾਕੇ ਤੋਂ ਕੁਲਬੀਰ ਦਾ ਕਰੀਬੀ ਸੀ। 21 ਜੂਨ ਦੇ ਹਮਲੇ ਸਬੰਧੀ ਵੀ ਪੁਲੀਸ ਦੇ ‘ਸ਼ੱਕ’ ਦੀ ਸੂਈ ਮੰਨਾ ’ਤੇ ਸੀ ਪਰ ਮੰਨਾ ਨੂੰ ਆਪਣਾ ਅਤਿ-ਕਰੀਬੀ ਦੱਸਦਿਆਂ ਕੁਲਬੀਰ ਨੇ ਪੁਲੀਸ ਨੂੰ ਪੁੱਛ-ਪੜਤਾਲ ਤੋਂ ਮਨ੍ਹਾਂ ਕਰ ਦਿੱਤਾ ਸੀ। ਚਰਚਾ ਇਹ ਵੀ ਹੈ ਕਿ ਗੈਂਗਸਟਰ ਜਗਤ ਤੋਂ ਕੁਲਬੀਰ ਨੇ ਭਾਵੇਂ ਮੂੰਹ ਮੋੜ ਲਿਆ ਸੀ ਪਰ ਗੈਂਗਸਟਰ ਗਰੁੱਪ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਮੰਨਾ ਵੀ ਕੁਲਬੀਰ ਦੇ ਵਿਰੋਧੀ ਗੈਂਗਸਟਰ ਖੇਮੇ ਨਾਲ ਮਿਲ ਚੁੱਕਾ ਸੀ।