ਪੱਤਰ ਪ੍ਰੇਰਕ
ਧਨੌਲਾ, 8 ਜੁਲਾਈ
ਕਈ ਦਿਨਾਂ ਤੋਂ ਵਰਸ ਰਹੀ ਆਸਮਾਨੀ ਅੱਗ ਕਰਕੇ ਤਾਪਮਾਨ 40 ਡਿਗਰੀ ਟੱਪ ਚੱਲਿਆ ਹੈ। ਤੇਜ਼ ਧੁੱਪਾਂ ਨੇ ਜਿੱਥੇ ਬਾਜ਼ਾਰ ਤੇ ਸੜਕਾਂ ਸੁੁੰਨਸਾਨ ਕਰ ਦਿੱਤੀਆਂ ਹਨ, ਉੱਥੇ ਹੀ ਕਿਸਾਨਾਂ ਦਾ ਬੀਜਿਆ ਝੋਨਾ ਵੀ ਸੁੱਕਣ ਲੱਗਾ ਹੈ। ਬਾਕੀ ਤਾਂ ਲੋਕੀਂ ਔਖਾ ਸੌਖਾ ਸਭ ਕੁਝ ਝੱਲ ਰਹੇ ਹਨ ਪਰ ਪਾਣੀ ਖੁਣੋਂ ਭੁੱਜਦੇ ਖੇਤਾਂ ਨੂੰ ਜੱਟ ਕਿਵੇਂ ਜਰਨ। ਕਿਸਾਨਾਂ ਦਾ ਲਾਇਆ ਝੋਨਾ ਮੱਚ ਰਿਹਾ ਹੈ। ਮੌਜੁਦਾ ਬਿਜਲੀ ਸੰਕਟ ਕਾਰਨ ਸੂਬੇ ‘ਚ ਹਾਲ ਪਾਹਰਿਆ ਮੱਚੀ ਪਈ ਹੈ। ਬਿਜਲੀ ਦੀ ਲੋੜ ਮੌਕੇ ਤਾਪਘਰ ਕੰਮ ਛੱਡ ਰਹੇ ਹਨ। ਖੇਤੀ ਸੈਕਟਰ ਦੀ ਬਿਜਲੀ ਪੁਰੀ ਕਰਨ ਲਈ ਪੰਜਾਬ ਸਰਕਾਰ ਨੂੰ ਸਨਅਤਾਂ ਬੰਦ ਕਰਨ ਦੇ ਹੁਕਮ ਕਰਨੇ ਪੈ ਗਏ। ਧਨੌਲਾ ਕਸਬੇ ਦੇ ਲਾਗਲੇ ਪਿੰਡ ਦੇ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਖੇਤੀ ਖ਼ਾਤੇ ਲਈ ਦਿੱਤੀ ਜਾਣ ਵਾਲੀ ਬਿਜਲੀ ਸਮੇਂ ਸਿਰ ਨਾ ਮਿਲਣ ਕਾਰਨ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਲਾਏ ਝੋਨੇ ਦਾ ਬੁਰਾ ਹਾਲ ਹੈ। ਕਿਸਾਨ ਜਪਿੰਦਰ ਗਰੇਵਾਲ ਨੇ ਕਿਹਾ ਕਿ ਬਿਜਲੀ ਦੇ ਤੋੜੇ ਨੇ ਫਸਲਾਂ ਦਾ ਹੀ ਨਹੀਂ ਸਗੋਂ ਸਮੁੱਚੀ ਕਿਸਾਨੀ ਦਾ ਵੀ ਘੂਰ ਕੱਢ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਬੀਕੇਯੁ ਕਾਦੀਆਂ ਦੇ ਆਗੂਆਂ ਵੱਲੋਂ ਆਗੂ ਨਿਰਮਲ ਸਿੰਘ, ਗੁਰਵਿੰਦਰ ਸਿੰਘ, ਗੁਵਿੰਦਰ ਬਾਵੀ ਵੱਲੋਂ ਕਿਸਾਨਾਂ ਸਣੇ ਬਿਜਲੀ ਵਿਭਾਗ ਧਨੌਲਾ ਦੇ ਐੱਸਡੀਓ ਨਾਲ ਸਮੇਂ ਸਿਰ ਬਿਜਲੀ ਛੱਡਣ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ੳਨ੍ਹਾਂ ਦੱਸਿਆ ਬਿਜਲੀ ਪੂਰਤੀ ਦੇ ਜ਼ਮੀਨੀ ਹਾਲਾਤ ਬਹੁਤ ਮਾੜੇ ਹਨ ਸਰਕਾਰਾਂ ਬੁਰਾਂ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ ਹੁਣ ਕਿਸਾਨਾਂ ਨੂੰ ਬੱਸ ਰੱਬ ਤੋਂ ਮੀਂਹ ਦੀਆਂ ਆਸਾਂ ਹਨ।