ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 8 ਜੁਲਾਈ
ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਜ਼ਿਲ੍ਹਾ ਫ਼ਰੀਦਕੋਟ ਦੀ ਅਗਵਾਈ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਤਹਿਸੀਲ ਦਫ਼ਤਰ ਫ਼ਰੀਦਕੋਟ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਜਤਿੰਦਰ ਕੁਮਾਰ, ਅਮਰੀਕ ਸਿੰਘ ਸੰਧੂ, ਦੇਸ ਰਾਜ ਗੁਰਜਰ, ਸੁਖਵਿੰਦਰ ਸਿੰਘ ਸੁੱਖੀ, ਗਗਨਦੀਪ ਪਾਹਵਾ, ਅਸ਼ੋਕ ਕੌਸ਼ਲ, ਇੰਦਰਜੀਤ ਸਿੰਘ ਖੀਵਾ, ਬਲਵਿੰਦਰ ਸ਼ਰਮਾ, ਵੀਰਇੰਦਰਜੀਤ ਸਿੰਘ, ਨਵਪ੍ਰੀਤ ਸਿੰਘ, ਬਲਬੀਰ ਸਿੰਘ ਨੇ ਕਿਹਾ ਕਿ ਪੇਅ ਕਮਿਸ਼ਨ ਦੀ ਰਿਪੋਰਟ ਜੋ ਸਰਾਸਰ ਧੋਖਾ ਹੈ, ਨੂੰ ਸਮੂਹ ਮੁਲਾਜ਼ਮ/ਪੈਨਸ਼ਨਰਜ ਵਰਗ ਮੁੱਢ ਤੋਂ ਹੀ ਰੱਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਕੇਡਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਅਨੁਸਾਰ ਬਣਦਾ ਲਾਭ ਨਹੀਂ ਦਿੱਤਾ ਗਿਆ। ਸਗੋਂ, ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਕਾਰਨ ਖਜ਼ਾਨਾ ਖਾਲੀ ਹੋ ਰਿਹਾ ਹੈ, ਜਦੋਂਕਿ ਰਾਜਨੀਤਕ ਆਗੂ ਅਸਲ ਵਿੱਚ ਆਪ ਖਜ਼ਾਨੇ ’ਤੇ ਬੋਝ ਹਨ ਜੋ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਮੁਨਕਰ ਹਨ ਤੇ ਸਮੂਹ ਵਰਗ ਅੱਜ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਜਿਸ ਦੇ ਰੋਸ ਵਜੋਂ ਅੱਜ ਮੁਲਜ਼ਮਾਂ ਨੇ ਮੁਕੰਮਲ ਕੰਮ ਠੱਪ ਕਰ ਕੇ ਤਹਿਸੀਲ ਦਫ਼ਤਰ, ਮਿੰਨੀ ਸਕੱਤਰੇਤ ਫ਼ਰੀਦਕੋਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਤੇ 9 ਜੁਲਾਈ ਨੂੰ ਭਾਰੀ ਗਿਣਤੀ ਵਿੱਚ ਮੁਲਾਜ਼ਮ, ਪੈਨਸ਼ਨਰਜ ਜਥੇਬੰਦੀਆਂ ਨੇ ਬੱਸ ਸਟੈਂਡ ਫ਼ਰੀਦਕੋਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਧਰਨਾ
ਬਠਿੰਡਾ (ਪੱਤਰ ਪ੍ਰੇਰਕ) ਪੰਜਾਬ ਐਂਡ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਬਠਿੰਡਾ ਵੱਲੋਂ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰਜ਼ ਮੰਗਾਂ ਪ੍ਰਤੀ ਧਾਰੀ ਚੁੱਪ ਖ਼ਿਲਾਫ਼ ਰੋਜ਼ ਗਾਰਡਨ ਕੋਲ ਧਰਨਾ ਦਿੱਤਾ ਗਿਆ। ਧਰਨੇ ’ਚ ਵਿੱਤ ਮੰਤਰੀ ਦਫ਼ਤਰ ਤੱਕ ਮਾਰਚ ਕੀਤਾ ਗਿਆ।ਫਰੰਟ ਦੇ ਬੁਲਾਰਿਆਂ ਦਰਸ਼ਨ ਮੌੜ ਤੇ ਮੱਖਣ ਸਿੰਘ ਖਣਗਵਾਲ ਨੇ ਦੋਸ਼ ਲਾਇਆ ਕਿ ਸਰਕਾਰ ਨੇ ਛੇਵੇਂ ਪੇ-ਕਮਿਸ਼ਨ ਨੂੰ ਤੋੜ ਮਰੋੜ ਕੇ ਲੰਗੜਾ ਬਣਾ ਦਿੱਤਾ ਹੈ। ਜਿਸ ਨਾਲ ਮੁਲਾਜ਼ਮ ਤੇ ਪੈਨਸ਼ਨਰਜ਼ ਵਰਗ ਵਿੱਚ ਵਿਆਪਕ ਰੋਸ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਮੁਲਾਜ਼ਮ ਪੱਖੀ ਬਣਾ ਕੇ ਪੇਸ਼ ਕਰੇ। ਆਉਟਸੋਰਸਿੰਗ ਤੇ ਠੇਕਾ ਪ੍ਰਣਾਲੀ ਖਤਮ ਕਰ ਕੇ ਪੂਰੇ ਗਰੇਡ ਚ ਰੈਗੂਲਰ ਭਰਤੀ ਕਰੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੀ ਜਾਵੇ। 2011 ਵਿੱਚ ਸੋਧ ਕੇ ਦਿੱਤੇ ਲਾਭਾਂ ਨੂੰ ਪੇ ਕਮਿਸ਼ਨ ਨਾਲ ਗਲਤ ਢੰਗ ਨਾਲ ਨਾ ਜੋੜਿਆ ਜਾਵੇ। ਸਰਕਾਰ ਮੁਲਾਜ਼ਮਾਂ ਨੂੰ 3.8 ਦੇ ਗੁਣਾਂਕ ਨਾਲ ਪੇ ਕਮਿਸ਼ਨ ਦੀ ਰਿਪੋਰਟ ਦੇਵੇ।