ਸ੍ਰੀਨਗਰ, 8 ਜੁਲਾਈ
ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਲੰਘੀ ਰਾਤ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਿੱਚ ਸੱਜਰੇ ਸ਼ਾਮਲ ਹੋਏ ਸਨ।
ਫ਼ੌਜ ਨੇ ਦੱਸਿਆ ਕਿ ਦਹਿਸ਼ਤਗਰਦਾਂ ਦੀਆਂ ਸਰਗਰਮੀ ਦੀ ਸੂਹ ਮਿਲਣ ’ਤੇ ਅਨੰਤਨਾਗ ਅਧਾਰਿਤ ਰਾਸ਼ਟਰੀ ਰਾਈਫਲਜ਼, ਜੇਕੇਪੀ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਵੱਲੋਂ ਜ਼ੋਡਾਰ ਤੇ ਕੁਲਗਾਮ ’ਚ 7 ਤੇ 8 ਜੁਲਾਈ ਦੀ ਦਰਮਿਆਨੀ ਰਾਤ ਵੱਖ-ਵੱਖ ਥਾਈਂ ਨਾਕਾਬੰਦੀ ਕੀਤੀ ਗਈ। ਉਨ੍ਹਾਂ ਦੇ ਦੱਸਿਆ ਕਿ ਇਸੇ ਦੌਰਾਨ ਤੜਕੇ 3 ਵਜੇ ਇੱਕ ਮਾਰੂਤੀ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ। ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਨੂੰ ਦੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਨਾਲ ਲੱਗਦੇ ਜੰਗਲੀ ਇਲਾਕੇ ਵੱਲ ਫਰਾਰ ਹੋ ਗਏ। ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ।
ਫ਼ੌਜ ਮੁਤਾਬਕ, ‘ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਸ਼ਾਹਬਾਜ਼ ਅਹਿਮਦ ਸ਼ਾਹ ਅਤੇ ਨਾਸਿਰ ਅਯੂਬ ਪੰਡਿਤ ਮਾਰੇ ਗਏ, ਜੋ ਕਿ ਕ੍ਰਮਵਾਰ 11 ਜੁਲਾਈ ਅਤੇ 5 ਜੂਨ 2021 ਤੋਂ ਸਰਗਰਮ ਸਨ। ਮੌਕੇ ਤੋਂ ਇੱਕ ਏਕੇ-47 ਰਾਈਫਲ ਅਤੇ ਵੱਡੀ ਮਾਤਰਾ ’ਚ ਗੋਲੀਸਿੱਕਾ ਬਰਾਮਦ ਹੋਇਆ ਹੈ।
ਫ਼ੌਜ ਨੇ ਦੱਸਿਆ ਕਿ ਦੂਜਾ ਮੁਕਾਬਲਾ ਪੋਜ਼ਗਾਮ ਅਧਾਰਿਤ ਰਾਸ਼ਟਰੀ ਰਾਈਫਲਜ਼, ਜੇਕੇਪੀ ਅਤੇ ਸੀਆਰਪੀਐੱਫ ਵੱਲੋਂ ਪੁਲਾਵਾਮਾ ਦੇ ਪੁੱਛਲ ’ਚ ਚਲਾਏ ਜਾ ਰਹੇ ਇੱਕ ਅਪਰੇਸ਼ਨ ਦੌਰਾਨ ਹੋਇਆ। ਕਾਰਵਾਈ ’ਚ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਕਿਫਾਯਤ ਸੋਫੀ ਅਤੇ ਇਨਾਇਤ ਅਹਿਮਦ ਡਾਰ ਹਲਾਕ ਹੋ ਗਏ। ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47, ਇੱਕ ਪਿਸਤੌਲ ਸਾਮਾਨ ਬਰਾਮਦ ਹੋਇਆ ਹੈ। ਪੁਲੀਸ ਮੁਤਾਬਕ ਦਹਿਸ਼ਤਗਰਦ ਲੋਕਾਂ ਨੂੰ ਡਰਾਉਣ ਤੇ ਜਬਰੀ ਵਸੂਲੀ ਦੀਆਂ ਕਾਰਵਾਈਆਂ ’ਚ ਸ਼ਾਮਲ ਸਨ। -ਆਈਏਐੱਨਐੱਸ
ਘੁਸਪੈਠ ਕਰਦੇ ਦੋ ਦਹਿਸ਼ਤਗਰਦ ਹਲਾਕ; ਦੋ ਜਵਾਨ ਸ਼ਹੀਦ
ਰਾਜੌਰੀ: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਦੋ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਇੱਕ ਜੇਸੀਓ ਸਣੇ ਫ਼ੌਜ ਦੇ ਦੋ ਜਵਾਨ ਵੀ ਸ਼ਹੀਦ ਹੋੲੇ ਹਨ। ਇੱਕ ਰੱਖਿਆ ਤਰਜਮਾਨ ਨੇ ਦੱਸਿਆ ਕਿ ਇਹ ਮੁਕਾਬਲਾ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ’ਚ ਪੈਂਦੇ ਦਾਦਲ ਇਲਾਕੇ ’ਚ ਉਸ ਸਮੇਂ ਹੋਇਆ ਜਦੋਂ ਦਹਿਸ਼ਤਗਰਦਾਂ ਦੇ ਹੋਣ ਦੀ ਸੂਹ ਮਿਲਣ ’ਤੇ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਹੋਏ ਮੁਕਾਬਲੇ ’ਚ ਨਾਇਬ ਸੂਬੇਦਾਰ ਸ੍ਰੀਜੇਠ ਐੱਮ. ਅਤੇ ਸਿਪਾਹੀ ਐੱਮ. ਜਸਵੰਤ ਰੈੱਡੀ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। -ਪੀਟੀਆਈ
ਜੰਮੂ ਵਿਚ ਰਾਜ ਭਵਨ ਤੇ ਸਿਵਲ ਸਕੱਤਰੇਤ ‘ਨੋ ਫਲਾਈ ਜ਼ੋਨ’ ਐਲਾਨੇ
ਜੰਮੂ: ਜੰਮੂ ਵਿਚ ਰਾਜ ਭਵਨ ਤੇ ਸਿਵਲ ਸਕੱਤਰੇਤ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਗਿਆ ਹੈ। ਇਨ੍ਹਾਂ ਦੋਹਾਂ ਥਾਵਾਂ ਉੱਪਰ ਡਰੋਨ ਅਤੇ ਬਿਨਾ ਮਨੁੱਖ ਤੋਂ ਉੱਡਣ ਵਾਲੇ ਹੋਰ ਉਪਕਰਨਾਂ ਦੇ ਉਡਾਉਣ ’ਤੇ ਤੁਰੰਤ ਪ੍ਰਭਾਵ ਤੋਂ ਪਾਬੰਦੀ ਲਗਾਈ ਗਈ ਹੈ। ਇਹ ਜਾਣਕਾਰੀ ਇਕ ਸਰਕਾਰੀ ਬਿਆਨ ਰਾਹੀਂ ਦਿੱਤੀ ਗਈ। ਇਹ ਐਲਾਨ ਜੰਮੂ ਦੇ ਜ਼ਿਲ੍ਹਾ ਮੈਜਿਸਟਰੇਟ ਅੰਸ਼ੁਲ ਗਰਗ ਨੇ ਕੀਤਾ। -ਆਈਏਐੱਨਐੱਸ