ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 8 ਜੁਲਾਈ
ਡਿਪਟੀ ਕਮਿਸ਼ਨਰ ਯਸ਼ਪਾਲ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਖੋਰੀ ਖੇਤਰ ਵਿੱਚ ਹੋਏ ਕਬਜ਼ੇ ਹਟਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖੇਤਰ ਵਿੱਚ ਕਿਸੇ ਵੀ ਸਮੇਂ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਖੇਤਰ ਵਿਚ ਧਾਰਾ 144 ਪਹਿਲਾਂ ਹੀ ਲਗਾਈ ਜਾ ਚੁੱਕੀ ਹੈ ਤੇ ਡਿਊਟੀ ਮੈਜਿਸਟ੍ਰੇਟ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਲੋੜ ਅਨੁਸਾਰ ਪੁਲੀਸ ਬਲ ਵੀ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਮਿੰਨੀ ਸਕੱਤਰੇਤ ਵਿਖੇ ਖੋਰੀ ਖੇਤਰ ਵਿੱਚ ਹੋਏ ਕਬਜ਼ਿਆਂ ਨੂੰ ਹਟਾਉਣ ਸੰਬੰਧੀ ਸਮੂਹ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਡਾ. ਗਰਿਮਾ ਮਿੱਤਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਨੂੰ ਖੋਰੀ ਖੇਤਰ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਪਏਗੀ। ਸਾਰੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸੰਬੰਧੀ ਗੰਭੀਰਤਾ ਨਾਲ ਕੰਮ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਸਾਨੂੰ ਬਿਹਤਰ ਧਿਆਨ ਰੱਖਣਾ ਪਏਗਾ ਕਿ ਆਦੇਸ਼ਾਂ ਦੀ ਸਹੀ ਪਾਲਣਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਜਾਨੀ ਨੁਕਸਾਨ ਨਾ ਹੋਵੇ। ਮੀਟਿੰਗ ਵਿੱਚ ਉਸਨੇ ਸਮੂਹ ਡਿਊਟੀ ਮੈਜਿਸਟਰੇਟ ਟੀਮ ਇੰਚਾਰਜ ਅਤੇ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਾਰਵਾਈ ਲਈ ਚਾਰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਗਏ ਹਨ ਤੇ ਉਨ੍ਹਾਂ ਨਾਲ ਪੁਲਿਸ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਐਸਡੀਐਮ ਪੰਕਜ ਸੇਤੀਆ ਤੇ ਡੀਸੀਪੀ ਐਨਆਈਟੀ ਡਾ ਅੰਸ਼ੂ ਸਿੰਗਲਾ, ਪਰਮਜੀਤ ਸਿੰਘ ਚਾਹਲ ਤੇ ਡੀਸੀਪੀ ਸੈਂਟਰਲ ਮੁਕੇਸ਼ ਮਲਹੋਤਰਾ, ਅਨਿਲ ਕੁਮਾਰ ਯਾਦਵ ਸੈਕਟਰੀ ਐਮਸੀਐਫ ਅਤੇ ਜੈਵੀਰ ਰਾਠੀ ਡੀਸੀਪੀ ਕਰਾਈਮ, ਜਿਤੇਂਦਰ ਕੁਮਾਰ ਕਾਰਜਕਾਰੀ ਅਧਿਕਾਰੀ ਐਚਐਸਵੀਪੀ ਤੇ ਸੁਰੇਸ਼ ਹੁੱਡਾ ਡੀਸੀਪੀ ਟ੍ਰੈਫਿਕ ਨੂੰ ਨਿਯੁਕਤ ਕੀਤਾ ਗਿਆ ਹੈ। 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਹਰੇਕ ਟੀਮ ਦੀ ਇੰਚਾਰਜ ਤੇ ਇੱਕ ਪੁਲਿਸ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।