ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੁਲਾਈ
ਪੰਜਾਬ ਦੇ ਦੋ ਹੋਰ ਹਾਕੀ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਓਲੰਪੀਅਨ ਪਰਗਟ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਸੰਘ ਵੱਲੋਂ ਹਾਕੀ ਸਬੰਧੀ ਬਦਲੇ ਗਏ ਨਿਯਮਾਂ ਅਨੁਸਾਰ ਹੁਣ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ 16 ਦੀ ਥਾਂ 18 ਮੈਂਬਰਾਂ ਦੀ ਹੋਵੇਗੀ। ਓਲੰਪਿਕ ਖੇਡਾਂ ਦੌਰਾਨ ਹਰ ਮੈਚ ਤੋਂ ਪਹਿਲਾਂ 18 ਖਿਡਾਰੀਆਂ ਵਿੱਚੋਂ ਹੀ 16 ਖਿਡਾਰੀਆਂ ਦੀ ਲਿਸਟ ਸੌਂਪਣੀ ਹੋਵੇਗੀ। ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਕੀਤੇ ਗਏ ਦੋ ਖਿਡਾਰੀਆਂ ਵਿੱਚ ਵਰੁਣ ਕੁਮਾਰ (ਡਿਫੈਂਡਰ) ਪਿੰਡ ਮਿੱਠਾਪੁਰ ਜਲੰਧਰ ਅਤੇ ਸਿਮਰਨਜੀਤ ਸਿੰਘ (ਮਿੱਡ ਫੀਲਡਰ) ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ 19 ਮੈਂਬਰੀ ਹਾਕੀ ਟੀਮ ਜਾ ਰਹੀ ਹੈ, ਜਿਨ੍ਹਾਂ ਵਿੱਚ 19ਵਾਂ ਖਿਡਾਰੀ ਪੰਜਾਬ ਨਾਲ ਹੀ ਸਬੰਧਤ ਕ੍ਰਿਸ਼ਨਾ ਬਹਾਦਰ ਪਾਠਕ (ਗੋਲ ਕੀਪਰ) ਕਪੂਰਥਲਾ ਤੋਂ ਹੈ, ਜਿਸ ਨੂੰ ਸਟੈਂਡ ਬਾਇ ਰੱਖਿਆ ਗਿਆ ਹੈ।
ਇਸ ਤੋਂ ਸਾਫ਼ ਹੈ ਕਿ 19 ਮੈਂਬਰੀ ਟੀਮ ਵਿੱਚ ਹਾਕੀ ਪੰਜਾਬ ਦੇ 11 ਖਿਡਾਰੀ ਸ਼ਾਮਲ ਹਨ, ਜੋ ਨਵਾਂ ਇਤਿਹਾਸ ਹੈ। ਹੁਣ ਤੱਕ ਦੇ ਇਤਿਹਾਸ ਵਿੱਚ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਕਦੇ ਵੀ 11 ਖਿਡਾਰੀ ਪੰਜਾਬ ਨਾਲ ਸਬੰਧਤ ਸ਼ਾਮਲ ਨਹੀਂ ਕੀਤੇ ਗਏ।