ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੁਲਾਈ
ਪੰਜਾਬ ਵਿੱਚ ਪਿਛਲੇ ਇੱਕ-ਦੋ ਦਿਨਾਂ ਤੋਂ ਦੱਖਣੀ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਸਵੇਰੇ ਅਤੇ ਸ਼ਾਮ ਵੇਲੇ ਵਾਤਾਵਰਨ ਵਿੱਚ ਨਮੀ ਦੀ ਮਾਤਰਾ ਵੀ ਵਧਣੀ ਸ਼ੁਰੂ ਹੋ ਗਈ ਹੈ। ਭਲਕੇ ਸ਼ੁੱਕਰਵਾਰ ਨੂੰ ਤਾਪਮਾਨ ਘਟਣਾ ਸ਼ੁਰੂ ਹੋ ਸਕਦਾ ਹੈ ਅਤੇ 10 ਜੁਲਾਈ ਤੋਂ ਮੌਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ। ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ ਇੱਕ-ਦੋ ਦਿਨਾਂ ਵਿੱਚ ਗਰਮੀ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ। ਅੱਜ ਸਵੇਰੇ ਸੂਰਜ ਦੀ ਤਪਸ਼ ਕਾਫੀ ਜ਼ਿਆਦਾ ਸੀ ਪਰ ਬਾਅਦ ਦੁਪਹਿਰ ਰੁਕ-ਰੁਕ ਕੇ ਹੋਈ ਬੱਦਲਵਾਈ ਨੇ ਵੱਧ ਤੋਂ ਵੱਧ ਤਾਪਮਾਨ ਘਟਾ ਕੇ 38.2 ਡਿਗਰੀ ਤੱਕ ਲਿਆ ਦਿੱਤਾ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਤੋਂ ਇਹ ਤਾਪਮਾਨ ਹੋਰ ਘਟਣਾ ਸ਼ੁਰੂ ਹੋ ਜਾਵੇਗਾ ਅਤੇ 10 ਜੁਲਾਈ ਤੱਕ ਮੌਨਸੂਨ ਆਉਣ ’ਤੇ ਇਹ ਤਾਪਮਾਨ ਕਾਫੀ ਥੱਲੇ ਚਲਾ ਜਾਵੇਗਾ। ਪੀਏਯੂ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਕੇਕੇ ਗਿੱਲ ਨੇ ਦੱਸਿਆ ਕਿ ਮੌਜੂਦਾ ਸਮੇਂ ਦੱਖਣੀ-ਪੱਛਮੀ ਹਵਾਵਾਂ ਸ਼ੁਰੂ ਹੋ ਗਈਆਂ ਹਨ। ਇਹ ਹਵਾਵਾਂ ਮੌਨਸੂਨ ਦੇ 1-2 ਦਿਨਾਂ ਤੱਕ ਆਉਣ ਦੀ ਸੰਭਾਵਨਾ ਦਰਸਾ ਰਹੀਆਂ ਹਨ। ਸਵੇਰ ਸਮੇਂ ਵਾਤਾਵਰਨ ਵਿੱਚ ਨਮੀ 69 ਫੀਸਦ ਅਤੇ ਸ਼ਾਮ ਵੇਲੇ 41 ਫੀਸਦ ਹੋ ਗਈ, ਜੋ ਆਮ ਨਾਲੋਂ ਕਿਤੇ ਵੱਧ ਹੈ।
ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਪਹਿਲੀ ਜੂਨ ਤੋਂ 7 ਜੁਲਾਈ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਮ ਨਾਲੋਂ 34 ਫੀਸਦ ਮੀਂਹ ਘੱਟ ਪਏ ਹਨ। ਸੂਬੇ ਦੇ ਸਿਰਫ ਚਾਰ ਜ਼ਿਲ੍ਹੇ ਫਰੀਦਕੋਟ, ਕਪੂਰਥਲਾ, ਲੁਧਿਆਣਾ ਅਤੇ ਪਠਾਨਕੋਟ ਵਿੱਚ ਹੀ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ।