ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 8 ਜੁਲਾਈ
ਗੋਇੰਦਵਾਲ ਸਾਹਿਬ ਪੁਲੀਸ ਨਾਕੇ ’ਤੇ ਤਾਇਨਾਤ ਇੱਕ ਥਾਣੇਦਾਰ ਵੱਲੋਂ ਪੱਤਰਕਾਰਾਂ ਦੇ ਨਾਂ ’ਤੇ ਸਾਥੀ ਥਾਣੇਦਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਕਪੂਰਥਲਾ ਚੌਕ ਸਥਿਤ ਨਾਕੇ ’ਤੇ ਉਸ ਨਾਲ ਤਾਇਨਾਤ ਏਐੱਸਆਈ ਗੁਰਭੇਜ ਸਿੰਘ ਵੱਲੋਂ ਕਿਸੇ ਵੀਡੀਓ ਦਾ ਹਵਾਲਾ ਦੇ ਕੇ ਪੱਤਰਕਾਰਾਂ ਨੂੰ ਪਾਰਟੀ ਦੇਣ ਦੇ ਨਾਂ ’ਤੇ ਦੋ ਹਜ਼ਾਰ ਰੁਪਏ ਲਏ ਹਨ। ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਤਨਖਾਹ ਦੇ ਪੈਸਿਆ ਵਿੱਚੋਂ ਏਐੱਸਆਈ ਗੁਰਭੇਜ ਸਿੰਘ ਨੂੰ ਦੋ ਹਜ਼ਾਰ ਰੁਪਏ ਕੱਢਵਾ ਕੇ ਦਿੱਤੇ ਹਨ। ਇਸ ਮਾਮਲੇ ’ਚ ਜਿੱਥੇ ਪੀੜਤ ਏਐਸਆਈ ਨੇ ਉਕਤ ਥਾਣੇਦਾਰ ’ਤੇ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਇਕਾਈ ਗੋਇੰਦਵਾਲ ਸਾਹਿਬ ਅਤੇ ਫਤਿਆਬਾਦ ਦੇ ਪੱਤਰਕਾਰ ਭਾਈਚਾਰੇ ਨੇ ਥਾਣੇਦਾਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਨਿੰਦਾ ਕਰਦਿਆ ਸੀਨੀਅਰ ਪੱਤਰਕਾਰ ਗੁਰਬਿੰਦਰ ਸਿੰਘ, ਪਲਵਿੰਦਰ ਸਿੰਘ, ਜਤਿੰਦਰ ਸਿੰਘ ਬਾਵਾ, ਸਕੱਤਰ ਸਿੰਘ ਅਟਵਾਲ, ਸੰਦੀਪ ਸਿੰਘ ਰਾਓ, ਰਾਜਵਿੰਦਰ ਸਿੰਘ ਮਿੱਠਾ, ਨਿਸ਼ਾਨ ਸਿੰਘ ਜੌਹਲ ਆਦਿ ਨੇ ਕਿਹਾ ਕਿ ਪੱਤਰਕਾਰ ਦਾ ਅਕਸ ਖਰਾਬ ਕਰਨ ਵਾਲੇ ਥਾਣੇਦਾਰ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਗੋਇੰਦਵਾਲ ਸਾਹਿਬ ਦੇ ਉਪ ਪੁਲੀਸ ਕਪਤਾਨ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਨਗੇ ਜੇਕਰ ਠੱਗੀ ਮਾਰਨ ਦੀ ਕੋਈ ਗੱਲ ਸਾਹਮਣੇ ਆਈ ਤਾਂ ਵਿਭਾਗੀ ਕਾਰਵਾਈ ਤੋਂ ਲਿਹਾਜ਼ ਨਹੀ ਹੋਵੇਗਾ।