ਰਵੇਲ ਸਿੰਘ ਭਿੰਡਰ/ਜਗਮੋਹਨ ਸਿੰਘ
ਪਟਿਆਲਾ/ਘਨੌਲੀ, 8 ਜੁਲਾਈ
ਪੰਜਾਬ ਮੁੜ ਤੋਂ ਬਿਜਲੀ ਸੰਕਟ ’ਚ ਘਿਰ ਗਿਆ ਹੈ। ਨਿੱਜੀ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਦੋ ਯੂਨਿਟਾਂ ਬੰਦ ਰਹਿਣ ਮਗਰੋਂ ਲੰਘੀ ਅੱਧੀ ਰਾਤ ਸਰਕਾਰੀ ਖੇਤਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀ ਵੀ ਇੱਕ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਈ ਹੈ। ਉਧਰ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਇੱਕ ਯੂਨਿਟ ਵੀ ਨੁਕਸ ਕਾਰਨ ਬੰਦ ਹੋਣ ਕਿਨਾਰੇ ਹੋ ਗਈ ਸੀ, ਪ੍ਰੰਤੂ ਸ਼ੁਕਰ ਰਿਹਾ ਕਿ ਇਹ ਬਾਅਦ ’ਚ ਮੁੜ ਕਾਰਜਸ਼ੀਲ ਹੋ ਗਈ। ਅਜਿਹੇ ਸੰਕਟ ਭਰੇ ਹਾਲਾਤ ’ਚ ਪਾਵਰਕੌਮ ਨੂੰ ਅੱਜ ਬਿਜਲੀ 12.40 ਪੈਸੇ ਦੀ ਦਰ ਨਾਲ ਖਰੀਦਣ ਲਈ ਮਜਬੂਰ ਹੋਣਾ ਪਿਆ ਹੈ ਜੋ ਹੁਣ ਤੱਕ ਦੀ ਸਭ ਤੋਂ ਵੱਡੀ ਦਰ ਹੈ। ਸੁਪਰ ਪਲਾਂਟ ਰੋਪੜ ਦੀ ਯੂਨਿਟ ਨੰਬਰ ਤਿੰਨ (210 ਮੈਗਾਵਾਟ) ਲੰਘੀ ਰਾਤ 1.25 ਵਜੇ ਬੁਆਇਲਰ ਲੀਕੇਜ ਹੋਣ ਕਾਰਨ ਬੰਦ ਹੋ ਗਈ। ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਰਵੀ ਵਧਵਾ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਬਿਜਲੀ ਦੀ ਡਿਮਾਂਡ ਆਉਣ ਉਪਰੰਤ ਇਹ ਯੂਨਿਟ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਬੀਤੀ ਰਾਤ ਬੁਆਇਲਰ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਇੰਜਨੀਅਰਾਂ ਦੀ ਟੀਮ ਵੱਲੋਂ ਨੁਕਸ ਦੂਰ ਕਰਕੇ ਜਲਦੀ ਹੀ ਇਸ ਯੂਨਿਟ ਨੂੰ ਮੁੜ ਚਾਲੂ ਕਰ ਲਿਆ ਜਾਵੇਗਾ। ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਇੱਕ ਯੂਨਿਟ ਬਿਜਲਈ ਨੁਕਸ ਦੀ ਵਜ੍ਹਾ ਕਾਰਨ ਟ੍ਰਿਪਿੰਗ ਮਗਰੋਂ ਦੁਬਾਰਾ ਚੱਲਣ ਨਾਲ ਪਾਵਰਕੌਮ ਨੂੰ ਕੁਝ ਰਾਹਤ ਮਿਲੀ ਹੈ। ਲੌਢੇ ਵੇਲੇ ਇਸ ਯੂਨਿਟ ਦਾ ਉਤਪਾਦ ਇੱਕ ਵਾਰ 150 ਮੈਗਾਵਾਟ ’ਤੇ ਆ ਗਿਆ ਸੀ, ਪ੍ਰੰਤੂ ਬਾਅਦ ’ਚ ਸੁਧਾਰ ਦੀ ਗੁਜਾਇੰਸ਼ ਬਣਦੀ ਰਹੀ। ਅਜਿਹੇ ਸੰਕਟ ਭਰੇ ਹਾਲਾਤ ਨਾਲ ਨਜਿੱਠਣ ਲਈ ਪਾਵਰਕੌਮ ਨੂੰ ਐਨਰਜੀ ਐਕਸਚੇਂਜ ਤੋਂ ਅਤਿ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਬਿਜਲੀ ਦੀ ਤੋਟ ਪੂਰੀ ਕਰਨ ਲਈ ਪਾਵਰਕੌਮ ਨੇ ਅੱਜ ਖੁੱਲ੍ਹੀ ਮੰਡੀ ’ਚੋਂ 400 ਮੈਗਾਵਾਟ ਦੀ ਵਾਧੂ ਬਿਜਲੀ ਖਰੀਦੀ ਹੈ। ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਖਰੀਦੀ ਗਈ ਬਿਜਲੀ 12.40 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਖਰੀਦੀ ਗਈ ਹੈ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਛੇ ਜਾਂ ਸੱਤ ਰੁਪਏ ਪ੍ਰਤੀ ਯੂਨਿਟ ਦੇ ਭਾਅ ਤੱਕ ਹੀ ਬਿਜਲੀ ਖਰੀਦੀ ਜਾਂਦੀ ਰਹੀ ਹੈ। ਪਾਵਰਕੌਮ ਦੇ ਸੀਐੱਮਡੀ ਸ੍ਰੀ ਏ ਵੇਣੂ ਪ੍ਰਸਾਦ ਨੇ ਦੱਸਿਆ ਕਿ ਸੂਬੇ ਵਿੱਚ ਮੌਨਸੂਨ ਦੇਰੀ ਨਾਲ ਆਉਣ ਕਾਰਨ ਚੱਲ ਰਹੇ ਝੋਨੇ ਦੇ ਮੌਸਮ ਵਿਚ ਹਰ ਸਮੇਂ ਬਿਜਲੀ ਦੀ ਮੰਗ ਵੱਧ ਰਹੀ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਇਸ ਮੌਸਮ ਵਿੱਚ ਬਿਜਲੀ ਦੀ ਉਪਲੱਬਧਤਾ ਵੀ ਹੇਠਾਂ ਵੱਲ ਹੈ ਅਤੇ ਤਲਵੰਡੀ ਸਾਬੋ ਦੇ ਬੰਦ ਯੂਨਿਟਾਂ ਕਾਰਨ ਸੂਬੇ ’ਚ 2200 ਮੈਗਾਵਾਟ ਦੀ ਘਾਟ ਬਣੀ ਹੋਈ ਹੇ। ਉਨ੍ਹਾਂ ਕਿਹਾ ਕਿ ਸਾਰੇ ਸਰੋਤਾਂ ਤੋਂ ਪੀਐੱਸਪੀਸੀਐੱਲ ਦੀ ਸਥਾਪਤ ਸਮਰੱਥਾ 13,845 ਮੈਗਾਵਾਟ ਹੈ, ਜਿਸ ਵਿਚੋਂ ਲਗਭਗ 9,000 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।
ਪੰਜ ਦਿਨਾਂ ਬਾਅਦ ਵੀ ਨਾ ਚੱਲਿਆ ਬਣਾਂਵਾਲਾ ਤਾਪ ਘਰ
ਮਾਨਸਾ (ਜੋਗਿੰਦਰ ਸਿੰਘ ਮਾਨ): ਲਗਾਤਾਰ ਪੰਜ ਦਿਨਾਂ ਤੋਂ ਤਕਨੀਕੀ ਨੁਕਸ ਕਾਰਨ ਬੰਦ ਬਣਾਂਵਾਲਾ ਤਾਪ ਘਰ ਦਾ ਯੂਨਿਟ ਨੰਬਰ-1 ਅੱਜ ਵੀ ਨਾ ਚੱਲ ਸਕਿਆ, ਸਗੋਂ ਇਸ ਦਾ ਕੱਲ੍ਹ ਤੋਂ ਮੱਧਮ ਹੋਇਆ ਯੂਨਿਟ ਨੰਬਰ-2 ਅੱਜ ਵੀ ਆਪਣੀ ਸਮਰੱਥਾ ਤੋਂ ਅੱਧੀ ਬਿਜਲੀ ਪੈਦਾ ਕਰ ਰਿਹਾ ਹੈ, ਜਿਸ ਦੇ ਕਿਸੇ ਵੇਲੇ ਵੀ ਬੰਦ ਹੋਣ ਦਾ ਘੁੱਗੂ ਵੱਜ ਸਕਦਾ ਹੈ। ਬੇਸ਼ੱਕ ਤਾਪ ਘਰ ਦੇ ਪ੍ਰਬੰਧਕਾਂ ਨੇ ਬਾਹਰੋਂ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਤੋਂ ਇਸ ਦੇ ਯੂਨਿਟ ਨੰਬਰ-1 ਨੂੰ ਦੋ ਵਾਰ ਲਾਈਨ ਅੱਪ ਕਰਵਾ ਲਿਆ ਹੈ, ਪਰ ਉਸ ਵੱਲੋਂ ਬਿਜਲੀ ਸਪਲਾਈ ਪੈਦਾ ਨਾ ਕਰਨਾ ਇਸ ਵੇਲੇ ਦੀ ਸਭ ਤੋਂ ਔਖੀ ਔਕੜ ਬਣੀ ਹੋਈ ਹੈ। ਵੇਰਵਿਆਂ ਮੁਤਾਬਕ ਭਾਵੇਂ ਪਾਵਰਕੌਮ ਨੇ ਇਸ ਤਾਪ ਘਰ ਦੇ ਕੁੱਲ 1980 ਮੈਗਾਵਾਟ ਦੇ ਮੁਕਾਬਲੇ ਸਿਰਫ਼ 320 ਮੈਗਾਵਾਟ ਬਿਜਲੀ ਲੈ ਕੇ ਰਾਜ ਦੇ ਲੋਕਾਂ ਨੂੰ ਬਾਹਰੋਂ ਮਹਿੰਗੇ ਭਾਅ ਦੀ ਬਿਜਲੀ ਹਾਸਲ ਕੀਤੀ ਜਾ ਰਹੀ ਹੈ, ਪਰ ਤਾਪ ਘਰ ਦੇ ਬੰਦ ਹੋਣ ਦਾ ਮਾਮਲਾ ਸੁਲਝਣ ਦੀ ਥਾਂ ਉਲਝਣ ਵਾਲੇ ਪਾਸੇ ਹੀ ਵਧਣ ਲੱਗਿਆ ਹੈ। ਤਾਪ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯੂਨਿਟ ਨੰਬਰ-1 ਦੇ ਬੰਦ ਹੋਣ ਤੋਂ ਬਾਅਦ ਹੁਣ ਯੂਨਿਟ-2 ਦੀ ਟਿਊਬ ਲੀਕੇਜ ਹੋ ਗਈ ਹੈ, ਜਿਸ ਕਾਰਨ 660 ਮੈਗਾਵਾਟ ਤੋਂ ਘੱਟ ਕੇ ਸਿਰਫ਼ 320 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਤਕਨੀਕੀ ਮਾਹਿਰਾਂ ਵੱਲੋਂ ਚੀਨ ਦੇ ਇੰਜਨੀਅਰਾਂ ਨਾਲ ਵੀ ਸੰਪਰਕ ਕੀਤਾ ਹੋਇਆ ਹੈ, ਪਰ ਹਰ ਤਰ੍ਹਾਂ ਦੇ ਉਪਰਾਲੇ ਇਸ ਯੂਨਿਟ ਨੂੰ ਠੀਕ ਨਹੀਂ ਕਰ ਸਕੇ ਹਨ।