ਲਾਹੌਰ, 8 ਜੁਲਾਈ
ਭਾਰਤ ਨੇ ਪਾਕਿਸਤਾਨ ਵੱਲੋਂ ਰਾਅ ਖ਼ਿਲਾਫ਼ ਲਾਹੌਰ ’ਚ ਬੰਬ ਧਮਾਕਾ ਕਰਨ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਆਧਾਰਹੀਣ ਪ੍ਰਚਾਰ ਕਰਨ ਅਤੇ ਦੋਸ਼ ਲਾਉਣੇ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਮੁਲਕ ਦੇ ਹਾਲਾਤ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਆਪਣੀ ਧਰਤੀ ਤੋਂ ਚੱਲ ਰਹੇ ਅਤਿਵਾਦ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰਾ ਅਤਿਵਾਦ ਦੇ ਮੁੱਦੇ ’ਤੇ ਪਾਕਿਸਤਾਨ ਦੇ ਕਾਰਨਾਮਿਆਂ ਤੋਂ ਜਾਣੂ ਹੈ। ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ਼ ਨੇ ਐਤਵਾਰ ਨੂੰ ਦੋਸ਼ ਲਾਏ ਸਨ ਕਿ ਲਾਹੌਰ ’ਚ ਹਾਫ਼ਿਜ਼ ਸਈਦ ਦੀ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਪਿੱਛੇ ਭਾਰਤ ਦਾ ਹੱਥ ਹੈ। -ਪੀਟੀਆਈ