ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 9 ਜੁਲਾਈ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਕੜਕਦੀ ਧੁੱਪ ’ਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਕੋਠੀ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਮਾਮਲਾ ਉਸ ਸਮੇਂ ਭੱਖ ਗਿਆ ਜਦੋਂ ਪੁਲੀਸ ਨੇ ਐੱਸਪੀ ਸਿਟੀ ਜਸਪਾਲ ਸਿੰਘ ਦੀ ਅਗਵਾਈ ਹੇਠ ਆਂਗਣਨਬਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਿਧਾਇਕ ਭੱਟੀ ਦੇ ਘਰ ਤੋਂ ਦੂਰ ਸੜਕ ’ਤੇ ਰੋਕ ਲਿਆ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਭੱਟੀ ਨਾਲ ਗੱਲਬਾਤ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਮੰਗ ਪੱਤਰ ਲਿਖਿਆ ਤੇ ਵਿਧਾਇਕ ਦੀ ਪਤਨੀ ਮਨਜੀਤ ਕੌਰ ਨੂੰ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਦਿੱਤਾ। ਇਸ ਮੌਕੇ ਹਰਗੋਬਿੰਦ ਕੌਰ ਨੇ ਪੁਲੀਸ ਵੱਲੋਂ ਵਰਕਰਾਂ ਨਾਲ ਕੀਤੀ ਬਦਸਲੂਕੀ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਭੇਜ ਦਿੱਤੇ ਸਨ, ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ’ਚ ਭੇਜਿਆ ਜਾਵੇ। ਨਰਸਰੀ ਟੀਚਰ ਦਾ ਦਰਜਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣ ਭੱਤਾ ਦਿੱਤਾ ਜਾਵੇ। ਐਨਜੀਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ। ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ। ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ।
ਯੂਨੀਅਨ ਦੀਆਂ ਆਗੂਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫੇਰ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਦੋ ਦਿਨ ਭੁੱਖ ਹੜਤਾਲ ਰੱਖੀ ਜਾਵੇਗੀ ਤੇ ਖੂਨ ਨਾਲ ਲਿਖ ਕੇ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਸੁਰਜੀਤ ਕੌਰ ਬੰਗੀ, ਇੰਦਰਜੀਤ ਕੌਰ ਰਾਮਾ, ਪਰਮਜੀਤ ਕੌਰ ਤਲਵੰਡੀ ਸਾਬੋ, ਬਲਵੀਰ ਕੌਰ ਲਹਿਰੀ, ਬੇਅੰਤ ਕੌਰ ਲਹਿਰੀ, ਕੁਲਵਿੰਦਰ ਕੌਰ ਮਾਹੀਨੰਗਲ, ਗੁਰਮੀਤ ਕੌਰ ਨੰਗਲਾ, ਸਵਰਨਜੀਤ ਕੌਰ ਸ਼ੇਖਪੁਰਾ, ਕਰਮਜੀਤ ਕੌਰ ਲਾਲੇਆਣਾ, ਰੇਖਾ ਗੋਨਿਆਨਾ, ਗੁਰਮੀਤ ਕੌਰ ਬਠਿੰਡਾ, ਕਮਲ ਬਠਿੰਡਾ ਆਦਿ ਹਾਜ਼ਰ ਸਨ।