ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 9 ਜੁਲਾਈ
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਆਮ ਆਦਮੀ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੀ ਰਾਜ ਮੰਤਰੀ ਕਮਲੇਸ਼ ਢਾਂਡਾ ਦਾ ਕਿਸਾਨਾਂ ਨੇ ਵਿਰੋਧ ਕੀਤਾ। ਪਹਿਲਾਂ ਇਹ ਬੈਠਕ ਪੰਚਾਇਤ ਭਵਨ ਵਿਚ ਹੋਣੀ ਸੀ, ਪਰ ਰਾਤੋ ਰਾਤ ਮੀਟਿੰਗ ਥਾਂ ਬਦਲ ਦਿੱਤੀ ਗਈ ਅਤੇ ਇਸ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਰੱਖਿਆ ਗਿਆ। ਜਿਵੇਂ ਹੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮੀਟਿੰਗ ਦੀ ਜਾਣਕਾਰੀ ਮਿਲੀ, ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨ ਸਵੇਰ ਤੋਂ ਹੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਨੇ ਸੁਰੱਖਿਆ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦੋਵੇਂ ਗੇਟਾਂ ਨੂੰ ਬੰਦ ਕਰ ਦਿੱਤਾ ਸੀ। ਸਿਰਫ ਸ਼ਿਕਾਇਤਕਰਤਾ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਉਣ ਤੋਂ ਬਾਅਦ ਦਾਖਲ ਹੋਣ ਦੀ ਆਗਿਆ ਸੀ। ਤਕਰੀਬਨ 11 ਵਜੇ ਰਾਜ ਮੰਤਰੀ ਕਮਲੇਸ਼ ਢਾਂਡਾ ਐੱਨਆਈਟੀ ਗੇਟ ਤੋਂ ਕੁਰੂਕਸ਼ੇਤਰ ਯੂਨੀਵਰਸਿਟੀ ਪਹੁੰਚੀ ਅਤੇ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕੀਤਾ। ਇਸ ਮੌਕੇ ਥਾਨੇਸਰ ਤੋਂ ਵਿਧਾਇਕ ਸੁਭਾਸ਼ ਸੁਧਾ, ਡਿਪਟੀ ਕਮੀਸ਼ਨਰ ਮੁਕੁਲ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਣੀ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ। ਜਿਵੇਂ ਹੀ ਰਾਜ ਮੰਤਰੀ ਦੇ ਦਾਖਲੇ ਦੀ ਖਬਰ ਮਿਲੀ, ਤਾਂ ਕਿਸਾਨਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦੂਸਰੇ ਗੇਟ ਦੇ ਸਾਹਮਣੇ ਬੈਰੀਕੇਡਾਂ ਤੋੜ ਦਿੱਤੀਆਂਂ, ਪਰ ਗੇਟ ਬੰਦ ਹੋਣ ਕਾਰਨ ਕਿਸਾਨ ਯੂਨੀਵਰਸਿਟੀ ਵਿੱਚ ਦਾਖਲ ਨਹੀਂ ਹੋ ਸਕੇ। ਇਸ ਤੋਂ ਬਾਅਦ ਕਿਸਾਨਾਂ ਨੇ ਦੂਜੇ ਗੇਟ ਦੇ ਸਾਹਮਣੇ ਕੁਰੂਕਸ਼ੇਤਰ-ਕੈਥਲ ਸੜਕ ਜਾਮ ਕਰ ਦਿੱਤੀ। ਮੀਟਿੰਗ ਦੁਪਹਿਰ ਕਰੀਬ 2 ਵਜੇ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਰਾਜ ਮੰਤਰੀ ਕਮਲੇਸ਼ ਢਾਂਡਾ ਦਾ ਕਾਫਲਾ ਆਡੀਟੋਰੀਅਮ ਕੰਪਲੈਕਸ ਦੇ ਗੇਟ ਤੋਂ ਬਾਹਰ ਆਉਣਾ ਸ਼ੁਰੂ ਹੋਇਆ, ਕਿਸਾਨ ਵੀ ਪੁਲੀਸ ਨੂੰ ਚਕਮਾ ਦੇ ਕੇ ਉਥੇ ਪਹੁੰਚ ਗਏ ਅਤੇ ਕਿਸਾਨਾਂ ਨੇ ਮੰਤਰੀ ਨੂੰ ਕਾਲੇ ਝੰਡੇ ਦਿਖਾਏ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਾਲ ਮਾਜਰਾ, ਕਿਸਾਨ ਆਗੂ ਜਸਬੀਰ ਮਾਮੂਮਾਜਰਾ, ਅਕਸ਼ੈ ਹਥੀਰਾ ਦਾ ਕਹਿਣਾ ਹੈ ਕਿ ਬੀਕੇਯੂ ਨੇ ਰਾਜ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕੋਈ ਪ੍ਰੋਗਰਾਮ ਜਾਂ ਮੰਤਰੀ ਦਾ ਪ੍ਰੋਗਰਾਮ ਨਹੀਂ ਹੋੋਣ ਦੇਣਗੇ।