ਗਿਆਨੀ ਰਾਜਿੰਦਰ ਸਿੰਘ ਰਾਜਨ
ਵੱਡੀਆਂ ਖੇਡਾਂ ਵਾਂਗ ਛੋਟੀਆਂ ਖੇਡਾਂ ਵੀ ਸਾਡੇ ਬੱਚਿਆਂ ਲਈ ਅਹਿਮ ਹਨ। ਇਨ੍ਹਾਂ ਨਾਲ ਬੱਚੇ ਦਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਜਜ਼ਬਾਤੀ ਪੱਖ ਦਾ ਵਿਕਾਸ ਹੁੰਦਾ ਹੈ। ਇਹ ਖੇਡਾਂ ਬੱਚਿਆਂ ਵਿਚ ਬਹੁਤ ਹਰਮਨ ਪਿਆਰੀਆਂ ਸਨ, ਪਰ ਸਮੇਂ ਦੇ ਗੇੜ ਨਾਲ ਇਹ ਲੁਪਤ ਹੋਣ ਕਿਨਾਰੇ ਪੁੱਜ ਗਈਆਂ ਹਨ। ਅੱਜ ਦੇ ਜ਼ਿਆਦਾਤਰ ਬੱਚੇ ਕੰਪਿਊਟਰ ਆਧਾਰਿਤ ਗੇਮਾਂ ਖੇਡਣ ਲੱਗੇ ਹਨ ਜੋ ਉਨ੍ਹਾਂ ਨੂੰ ਇਕੱਲਤਾ ਪਸੰਦ ਬਣਾ ਕੇ ਸਮਾਜ ਨਾਲੋਂ ਤੋੜ ਰਹੀਆਂ ਹਨ।
ਦੂਜੇ ਪਾਸੇ ਪੁਰਾਣੀਆਂ ਛੋਟੀਆਂ ਖੇਡਾਂ ਨਾਲ ਜਿੱਥੇ ਆਪਸੀ ਭਾਈਚਾਰੇ ਦੀ ਭਾਵਨਾ ਬਣਦੀ ਸੀ ਉੱਥੇ ਆਪਸੀ ਤਾਲਮੇਲ, ਪ੍ਰੇਮ-ਭਾਵ ਅਤੇ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਛੋਟੀਆਂ ਖੇਡਾਂ ਜਿਵੇਂ ਗੁੱਲੀ ਡੰਡਾ, ਕੋਟਲਾ ਛਪਾਕੀ, ਕਬੱਡੀ, ਖਿੱਦੋ ਖੂੰਡੀ, ਲੁਕਣ ਮੀਟੀ, ਜੱਟ ਬ੍ਰਾਹਮਣ, ਚੀਚੋ ਚੀਚ ਘਚੋਲੀਆਂ, ਸਮੁੰਦ ਝੱਗ, ਗੱਤਕਾਬਾਜ਼ੀ, ਕੁਸ਼ਤੀ, ਬਿੱਲ ਬੱਚਿਆਂ ਦੀ ਮਾਂ, ਬਾਰਾਂ ਟਾਹਣੀ, ਕਾਵਾਂ ਘੋੜੀ, ਕੀੜ ਕੜਾਂਗ, ਪਿੱਠੂ, ਮਨ ਮਾਨ ਚਲੇ, ਛਟਾਪੂ, ਚੌਪਟ, ਰੱਬ ਦੀ ਖੁੱਤੀ, ਲੰਮੀ ਕਬੱਡੀ, ਲੁਕਣ ਮੀਟੀ, ਜੰਡ ਬ੍ਰਾਹਮਣ, ਆਨ ਚਲੇ ਮਨ ਮਾਨ ਚਲੇ ਆਦਿ ਖੇਡਾਂ ਗਲੀਆਂ ਮੁਹੱਲਿਆਂ ਵਿਚ ਖਾਲੀ ਥਾਵਾਂ ‘ਤੇ ਆਮ ਖੇਡੀਆਂ ਜਾਂਦੀਆਂ ਸਨ। ਇਨ੍ਹਾਂ ਖੇਡਾਂ ਨਾਲ ਜਿੱਥੇ ਮਨਪ੍ਰਚਾਵਾ ਹੋ ਜਾਂਦਾ ਸੀ, ਉੱਥੇ ਕਸਰਤ ਵੀ ਹੋ ਜਾਂਦੀ ਸੀ। ਇਹ ਖੇਡਾਂ ਮਾਨਸਿਕ ਵਿਕਾਸ ਲਈ ਵੀ ਬੇਹੱਦ ਸਹਾਈ ਹੁੰਦੀਆਂ ਸਨ। ਇਨ੍ਹਾਂ ਖੇਡਾਂ ਲਈ ਕੋਈ ਵੀ ਕੀਮਤੀ ਸਾਮਾਨ ਨਹੀਂ ਸੀ ਚਾਹੀਦਾ ਹੁੰਦਾ, ਨਾ ਹੀ ਇਨ੍ਹਾਂ ਵਿਚ ਖਿਡਾਰੀਆਂ ਦੀ ਗਿਣਤੀ ਦੀ ਕੋਈ ਸੀਮਾ ਹੁੰਦੀ ਸੀ। ਖਿਡਾਰੀ ਵੱਧ-ਘੱਟ ਚੱਲ ਜਾਂਦੇ ਸਨ। ਜਿਹੜਾ ਖਿਡਾਰੀ ਹੁਸ਼ਿਆਰ, ਚੁਸਤ ਤੇ ਇਮਾਨਦਾਰ ਹੁੰਦਾ ਸੀ, ਉਸ ਨੂੰ ਟੀਮ ਲੀਡਰ ਬਣਾਇਆ ਜਾਂਦਾ ਸੀ।
ਇਹ ਖੇਡਾਂ ਬਹੁਤ ਦਿਲਚਸਪ ਹੋਣ ਕਾਰਨ ਪਿੰਡਾਂ ਵਿਚ ਆਮ ਹੀ ਰਾਹਗੀਰ ਅਤੇ ਪਿੰਡ ਦੇ ਹੋਰ ਲੋਕ ਖੜ੍ਹ ਕੇ ਦੇਖਣ ਲੱਗ ਪੈਂਦੇ ਸਨ ਜਿਸ ਨਾਲ ਖੇਡਣ ਵਾਲਿਆਂ ਦਾ ਮਨੋਬਲ ਹੋਰ ਵੀ ਵਧ ਜਾਂਦਾ ਸੀ। ਖੇਡਣ ਮੌਕੇ ਜੇ ਕਿਸੇ ਖਿਡਾਰੀ ਤੋਂ ਕੋਈ ਗ਼ਲਤੀ ਹੋ ਜਾਂਦੀ ਸੀ ਤਾਂ ਇਕੱਠੇ ਹੋਏ ਲੋਕਾਂ ਦੇ ਹਾਸੇ-ਠੱਠੇ ਸ਼ੁਰੂ ਹੋ ਜਾਂਦੇ। ਅਜਿਹੇ ਵਿਚ ਬੱਚੇ ਨੂੰ ਆਪਣੇ ਵੱਲੋਂ ਕੀਤੀ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਸੀ ਤੇ ਦੂਸਰਾ ਟੀਮ ਲੀਡਰ ਨੂੰ ਬੋਲਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਫਿਰ ਪਾਰੀ ਆਪਣੇ ਆਪ ਦੂਸਰੇ ਦੇ ਪੱਖ ਵਿਚ ਹੋ ਜਾਂਦੀ ਸੀ। ਇਨ੍ਹਾਂ ਲਈ ਕਿਸੇ ਰੈਫਰੀ ਆਦਿ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ। ਖੇਡ ਟੀਮਾਂ ਦੇ ਲੀਡਰ ਬਣੇ ਖਿਡਾਰੀ ਹੀ ਇਨ੍ਹਾਂ ਖੇਡਾਂ ਨੂੰ ਕੰਟਰੋਲ ਕਰ ਲੈਂਦੇ ਸਨ। ਸਮੇਂ ਦੀ ਤੇਜ਼ ਰਫ਼ਤਾਰ ਨੇ ਅੱਜ ਇਹ ਛੋਟੀਆਂ ਖੇਡਾਂ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਇਨ੍ਹਾਂ ਖੇਡਾਂ ਨੂੰ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਵੀ ਕਰਾਇਆ ਜਾਂਦਾ ਸੀ, ਪਰ ਹੁਣ ਉਨ੍ਹਾਂ ਦਾ ਰੁਝਾਨ ਵੀ ਨਵੀਆਂ ਖੇਡਾਂ ਵੱਲ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿਚ ਅੱਜ ਕੁਝ ਕੁ ਸਰੀਰਕ ਸਿੱਖਿਆ ਦੇ ਅਧਿਆਪਕ ਹਨ ਜੋ ਬੱਚਿਆਂ ਨੂੰ ਇਨ੍ਹਾਂ ਨਾਲ ਜੋੜ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਮਹਾਮਾਰੀ ਖ਼ਤਮ ਹੋਣ ਉਪਰੰਤ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਛੋਟੀਆਂ ਖੇਡਾਂ ਨੂੰ ਬੱਚਿਆਂ ਵਿਚ ਮੁੜ ਸੁਰਜੀਤ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਛੋਟੀਆਂ ਖੇਡਾਂ ਨਾਲ ਵੀ ਆਪਣਾ ਮਨੋਰੰਜਨ ਕਰ ਸਕਣ।
ਸੰਪਰਕ: 94174-27656