ਧਰਮਪਾਲ
‘ਕੁਛ ਰੰਗ ਪਿਆਰ ਕੇ ਐਸੇ ਵੀ’ ਦਾ ਨਵਾਂ ਅਧਿਆਏ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਆਪਣੇ ਦਰਸ਼ਕਾਂ ਨੂੰ ਅਨੋਖੀਆਂ ਕਹਾਣੀਆਂ ਨਾਲ ਅਲੱਗ ਤਰ੍ਹਾਂ ਦੇ ਗੁਣਵੱਤਾਪੂਰਨ ਅਤੇ ਸੀਮਤ ਸਮੇਂ ਵਾਲੇ ਪ੍ਰੋਗਰਾਮ ਦਿਖਾਉਣ ਲਈ ਜਾਣਿਆ ਜਾਂਦਾ ਹੈ। ‘ਕੁਛ ਰੰਗ ਪਿਆਰ ਕੇ ਐਸੇ ਵੀ’ ਇਸ ਚੈਨਲ ਦੀ ਅਜਿਹੀ ਹੀ ਇਕ ਚਰਚਿਤ ਫਰੈਂਚਾਈਜ਼ੀ ਹੈ ਜਿਸ ਨੇ ਆਨਸਕਰੀਨ ਜੋੜੀ-ਦੇਵ ਅਤੇ ਸੋਨਾਕਸ਼ੀ ਜ਼ਰੀਏ ਦਰਸ਼ਕਾਂ ਨਾਲ ਇਕ ਮਜ਼ਬੂਤ ਰਿਸ਼ਤਾ ਬਣਾ ਲਿਆ ਹੈ। ਹੁਣ ਇਸ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ‘ਕੁਛ ਰੰਗ ਪਿਆਰ ਕੇ ਐਸੇ ਵੀ-ਨਈ ਕਹਾਣੀ’ ਦਾ ਰੂਪ ਦਿੱਤਾ ਗਿਆ ਹੈ।
ਇਸ ਸ਼ੋਅ ਦਾ ਪ੍ਰੀਮੀਅਰ 12 ਜੁਲਾਈ ਨੂੰ ਹੋਣ ਜਾ ਰਿਹਾ ਹੈ ਅਤੇ ਇਸ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਸ਼ੁਕਰਵਾਰ ਰਾਤ ਨੂੰ ਕੀਤਾ ਜਾਵੇਗਾ।
ਦੇਵ ਅਤੇ ਸੋਨਾਕਸ਼ੀ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ ਅਲੱਗ ਅਲੱਗ ਭਾਵਨਾਵਾਂ ਤੋਂ ਰੂਬਰੂ ਕਰਵਾ ਚੁੱਕੇ ਹਨ ਜਿਸ ਵਿਚ ਇਕ ਦੂਜੇ ਦਾ ਸਾਥ, ਆਪਸੀ ਸਮਝ, ਪਿਆਰ, ਸਮਝੌਤਾ, ਨਾਰਾਜ਼ਗੀ ਅਤੇ ਵਿਛੋੜਾ ਵਰਗੇ ਪਹਿਲੂਆਂ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਪਹਿਲੇ ਸੀਜ਼ਨ ਵਿਚ ਦੋਵੇਂ ਮਿਲੇ, ਉਨ੍ਹਾਂ ਵਿਚਕਾਰ ਪਿਆਰ ਹੋਇਆ ਅਤੇ ਫਿਰ ਉਹ ਇਕ ਦੂਜੇ ਨਾਲ ਰਹਿਣ ਲਈ ਹਰ ਮੁਸ਼ਕਿਲ ਨਾਲ ਲੜੇ, ਜਿਨ੍ਹਾਂ ਵਿਚ ਜ਼ਰੂਰਤ ਤੋਂ ਜ਼ਿਆਦਾ ਅਧਿਕਾਰ ਜਤਾਉਣ ਵਾਲੀ ਦੇਵ ਦੀ ਮਾਂ ਈਸ਼ਵਰੀ ਵੀ ਸ਼ਾਮਲ ਸੀ। ਦੂਜੇ ਸੀਜ਼ਨ ਵਿਚ ਦਿਖਾਇਆ ਗਿਆ ਸੀ ਕਿ ਦੇਵ ਅਤੇ ਸੋਨਾਕਸ਼ੀ ਕਿਸ ਤਰ੍ਹਾਂ ਭਾਵਨਾਵਾਂ ਦੇ ਭੰਵਰ ਤੋਂ ਗੁਜ਼ਰਦੇ ਹਨ ਜਿੱਥੇ ਉਨ੍ਹਾਂ ਦੇ ਸਾਹਮਣੇ ਇਕ ਦੂਜੇ ਨਾਲ ਸਮਝੌਤੇ ਦੀਆਂ ਦਿੱਕਤਾਂ ਆਉਂਦੀਆਂ ਹਨ।
ਦੇਵ ਅਤੇ ਸੋਨਾਕਸ਼ੀ ਦੀ ਜ਼ਿੰਦਗੀ ਦਾ ਇਹ ਨਵਾਂ ਅਧਿਆਏ ਇਸ ਗੱਲ ਦੀ ਪੜਤਾਲ ਕਰੇਗਾ ਕਿ ਅਣਜਾਣੀਆਂ ਪਰਿਸਥਿਤੀਆਂ ਵਿਚ ਰਿਸ਼ਤਿਆਂ ਵਿਚ ਮਿਠਾਸ ਬਰਕਰਾਰ ਰੱਖਣ ਲਈ ਕੀ ਜ਼ਰੂਰੀ ਹੁੰਦਾ ਹੈ ਅਤੇ ਕੀ ਵਕਤ ਰਿਸ਼ਤਿਆਂ ਵਿਚ ਰਾਹਤ ਲੈ ਕੇ ਆਵੇਗਾ ਜਾਂ ਫਿਰ ਇਸ ਵਿਚ ਦਰਾੜ ਪੈਦਾ ਕਰੇਗਾ। ਇਸ ਸ਼ੋਅ ਵਿਚ ਸ਼ਾਹੀਰ ਸ਼ੇਖ ਅਤੇ ਐਰਿਕਾ ਫਰਨਾਂਡਿਸ, ਦੇਵ ਅਤੇ ਸੋਨਾਕਸ਼ੀ ਦੇ ਆਪਣੇ ਪੁਰਾਣੇ ਕਿਰਦਾਰਾਂ ਵਿਚ ਨਜ਼ਰ ਆਉਣਗੇ, ਉੱਥੇ ਸੁਪ੍ਰਿਆ ਪਿਲਗਾਂਵਕਰ ਦੇਵ ਦੀ ਮਾਂ ਈਸ਼ਵਰੀ ਦੇ ਕਿਰਦਾਰ ਵਿਚ ਨਜ਼ਰ ਆਵੇਗੀ।
ਫਰਾਹ ਖਾਨ ਬਣੀ ‘ਲਾਫਿੰਗ ਬੁੱਧਾ’
ਜ਼ੀ ਟੀਵੀ ਦੇ ਨਵੇਂ ਕਾਮੇਡੀ ਸ਼ੋਅ ਵਿਚ ਫਰਾਹ ਖਾਨ ਹੋਰ ਕਲਾਕਾਰਾਂ ਨਾਲ ਮਿਲ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਵਿਚ ਦੇਸ਼ ਦੇ ਮੋਹਰੀ ਕਾਮੇਡੀਅਨ ਜਿਵੇਂ ਅਲੀ ਅਸਗਰ, ਸੁਗੰਧਾ ਮਿਸ਼ਰਾ, ਸੰਕੇਤ ਭੋਸਲੇ, ਗੌਰਵ ਦੁਬੇ, ਬਲਰਾਜ, ਸਿਧਾਰਥ ਸਾਗਰ, ਦਿਵਯਾਂਗ ਦ੍ਰਿਵੇਦੀ ਦਰਸ਼ਕਾਂ ਨੂੰ ਖੂਬ ਹਸਾਉਣਗੇ।
ਜ਼ੀ ਟੀਵੀ, ਆਪਟੀਮਿਸਟਿਕ ਐਂਟਰਟੇਨਮੈਂਟ ਦੇ ਸਹਿਯੋਗ ਨਾਲ ‘ਜ਼ੀ ਕਾਮੇਡੀ ਫੈਕਟਰੀ’ ਸ਼ੋਅ ਪੇਸ਼ ਕਰ ਰਿਹਾ ਹੈ। ਇਹ ਇਕ ਅਜਿਹਾ ਸ਼ੋਅ ਹੈ ਜੋ ਹਰ ਭਾਰਤੀ ਪਰਿਵਾਰ ਲਈ ਕੁਝ ਖੁਸ਼ਨੁਮਾ ਪਲ ਲੈ ਕੇ ਆਵੇਗਾ ਜਿੱਥੇ ਦੇਸ਼ ਦੇ ਮੋਹਰੀ ਕਾਮੇਡੀਅਨ ਉਨ੍ਹਾਂ ਨੂੰ ਹਸਾ ਕੇ ਲੋਟ ਪੋਟ ਕਰਨਗੇ। ਇਸ ਸ਼ੋਅ ਦਾ ਪ੍ਰੀਮੀਅਰ 31 ਜੁਲਾਈ ਨੂੰ ਹੋਣ ਜਾ ਰਿਹਾ ਹੈ ਜਿਸ ਦਾ ਪ੍ਰਸਾਰਣ ਜ਼ੀ ਟੀਵੀ ‘ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਰਾਤ 10 ਵਜੇ ਕੀਤਾ ਜਾਵੇਗਾ। ਇਸ ਵਿਚ ਵਿਜ਼ੂਅਲ ਕਾਮੇਡੀ ਤੋਂ ਲੈ ਕੇ ਸਟੈਂਡਅਪ ਕਾਮੇਡੀ ਅਤੇ ਮਜ਼ਾਹੀਆ ਸਕਿੱਟਾਂ ਤੋਂ ਲੈ ਕੇ ਪੈਰੋਡੀ ਆਦਿ ਕਾਮੇਡੀ ਦਾ ਪੂਰਾ ਪਰਿਵਾਰ ਹੋਵੇਗਾ ਜਿਸ ਵਿਚ ਕਾਮੇਡੀਅਨਾਂ ਦੇ ਸਾਹਮਣੇ ਕੋਈ ਹੋਰ ਨਹੀਂ ਬਲਕਿ ਹਾਜ਼ਰ ਜਵਾਬੀ ਵਿਚ ਮਾਹਿਰ ਅਤੇ ਬੇਹੱਦ ਮਜ਼ਾਹੀਆ ਕੋਰਿਓਗ੍ਰਾਫ਼ਰ ਅਤੇ ਫ਼ਿਲਮਸਾਜ਼ ਫਰਾਹ ਖਾਨ ‘ਲਾਫਿੰਗ ਬੁੱਧਾ’ ਦੇ ਰੂਪ ਵਿਚ ਹੋਵੇਗੀ ਜੋ ਦਰਸ਼ਕਾਂ ਨੂੰ ਬਹੁਤ ਹਸਾਵੇਗੀ।
ਫਰਾਹ ਖਾਨ ਲਾਫਿੰਗ ਬੁੱਧਾਂ ਦੇ ਰੂਪ ਵਿਚ ਨਾ ਸਿਰਫ਼ ਕਾਮੇਡੀਅਨਾਂ ਨੂੰ ਨੰਬਰ ਦੇਵੇਗੀ ਬਲਕਿ ਉਨ੍ਹਾਂ ਦੇ ਮਜ਼ਾਕ ‘ਤੇ ਪ੍ਰਤੀਕਿਰਿਆ ਦੇ ਕੇ ਹਾਸੇ ਠੱਠੇ ਨੂੰ ਕਈ ਗੁਣਾ ਵਧਾ ਦੇਵੇਗੀ। ਇਸ ਕਾਮੇਡੀ ਸ਼ੋਅ ਵਿਚ ਪਹਿਲੀ ਵਾਰ ਅਜਿਹੀਆਂ ਚੁਣੌਤੀਆਂ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ ਜਿਵੇਂ ਕਿ ਢਲਾਣ ‘ਤੇ ਕਾਮੇਡੀ ਐਕਟ, 90 ਡਿਗਰੀ ‘ਤੇ ਲਗਾਇਆ ਗਿਆ ਸੈੱਟ ਅਤੇ ਮਿਨੀਏਚਰ ਸੈੱਟਅਪ ਜੋ ਨਾ ਸਿਰਫ਼ ਕਾਮੇਡੀ ਦਾ ਪੱਧਰ ਵਧਾਏਗਾ ਬਲਕਿ ਇਹ ਵੀ ਯਕੀਨੀ ਕਰੇਗਾ ਕਿ ਹਰ ਕਾਮੇਡੀਅਨ ਆਪਣੇ ਹਰ ਐਕਟ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੇ।
ਕਾਮੇਡੀ ਫੈਕਟਰੀ ਵਿਚ ਦੋ ਟੀਮਾਂ ਹੋਣਗੀਆਂ ਜਿਨ੍ਹਾਂ ਵਿਚ ਹਰ ਟੀਮ ਵਿਚ 5 ਕਲਾਕਾਰ ਹੋਣਗੇ। ਇਨ੍ਹਾਂ ਟੀਮਾਂ ਵਿਚ ਅਲੀ ਅਸਗਰ, ਸੁਗੰਧਾ ਮਿਸ਼ਰਾ, ਸੰਕੇਤ ਭੋਸਲੇ, ਗੌਰਵ ਦੁਬੇ, ਬਲਰਾਜ, ਸਿਧਾਰਥ ਸਾਗਰ, ਦਿਵਯਾਂਸ਼ ਦ੍ਰਿਵੇਦੀ, ਅਦਾਕਾਰ ਤੇਜਸਵੀ ਪ੍ਰਕਾਸ਼, ਗਾਇਕ ਤੇ ਐਂਕ ਆਦਿੱਤਿਆ ਨਾਰਾਇਣ ਅਤੇ ਡਾਂਸਰ ਪੁਨੀਤ ਜੇ. ਪਾਠਕ ਵਰਗੇ ਕਾਮੇਡੀਅਨਾਂ, ਐਕਟਰਾਂ ਅਤੇ ਗਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਸਬੰਧੀ ਫਰਾਹ ਖਾਨ ਨੇ ਕਿਹਾ, ”ਜ਼ੀ ਟੀਵੀ ਵੱਲੋਂ ਪੇਸ਼ ਕੀਤੀ ਗਈ ਇਹ ਧਾਰਨਾ ਸਹੀ ਸਮੇਂ ‘ਤੇ ਆਈ ਹੈ ਕਿਉਂਕਿ ਜ਼ੀ ਕਾਮੇਡੀ ਫੈਕਟਰੀ ਦਾ ਅਸਲੀ ਏਜੰਡਾ ਹੀ ਇਸ ਮੁਸ਼ਕਿਲ ਸਮੇਂ ਵਿਚ ਲੋਕਾਂ ਵਿਚਕਾਰ ਖੁਸ਼ੀਆਂ ਅਤੇ ਮੁਸਕਾਨ ਬਿਖੇਰਨਾ ਹੈ। ਜ਼ੀ ਕਾਮੇਡੀ ਫੈਕਟਰੀ ਸਿਰਫ਼ ਦੋ ਟੀਮਾਂ ਦੇ ਕਾਮੇਡੀਅਨਾਂ ਵਿਚਕਾਰ ਪ੍ਰਤੀਯੋਗਤਾ ਨਹੀਂ ਹੈ, ਬਲਕਿ ਇਸ ਜ਼ਰੀਏ ਦੇਸ਼ ਦਾ ਮੂਡ ਠੀਕ ਕਰਨ ਲਈ ਇਹ ਸਭ ਕੁਝ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪਰਿਵਾਰ ਆਪਣੇ ਘਰਾਂ ਵਿਚ ਆਰਾਮ ਨਾਲ ਬੈਠ ਕੇ ਭਾਰਤ ਦੇ ਕੁਝ ਮੋਹਰੀ ਕਾਮੇਡੀਅਨਾਂ ਦੀ ਗੁਦਗੁਦਾਉਣ ਵਾਲੀ ਕਾਮੇਡੀ ਨਾਲ ਖਿੜ ਖਿੜ ਹੱਸਣ। ਇਸ ਸ਼ੋਅ ਵਿਚ ਮੈਨੂੰ ‘ਲਾਫਿੰਗ ਬੁੱਧਾ’ ਕਹਿ ਕੇ ਬੁਲਾਇਆ ਜਾਵੇਗਾ ਜਿੱਥੇ ਸਾਰੇ ਕਲਾਕਾਰਾਂ ਨੂੰ ਦਰਸ਼ਕਾਂ ਦੇ ਨਾਲ ਨਾਲ ਮੇਰਾ ਵੀ ਮਨੋਰੰਜਨ ਕਰਨਾ ਹੋਵੇਗਾ।”
‘ਜੀਜਾ ਜੀ ਛੱਤ ਪਰ ਕੋਈ ਹੈ’ ਦਾ ਨਵਾਂ ਰੰਗ
ਸੋਨੀ ਸਬ ਦਾ ਹਲਕਾ ਫੁਲਕਾ ਸ਼ੋਅ ‘ਜੀਜਾ ਜੀ ਛੱਤ ਪਰ ਕੋਈ ਹੈ’ ਨਵੇਂ ਰੰਗ ਵਿਚ ਪਰਤ ਆਇਆ ਹੈ। ਇਸ ਦੇ ਨਾਲ ਸ਼ਰਮਾ ਪਰਿਵਾਰ ਅਤੇ ਜਿੰਦਲ ਪਰਿਵਾਰ ਦੋਵੇਂ ਹੀ ਇਕ ਵਾਰ ਫਿਰ ਤੋਂ ਆਪਣੀ ਕਦੇ ਨਾ ਰੁਕਣ ਵਾਲੀ ਨੋਕਝੋਕ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।
ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡਜ਼ ਵਿਚ ਦਰਸ਼ਕ ਸਾਇਆ ਦਾ ਜ਼ਿਆਦਾ ਸ਼ਕਤੀਸ਼ਾਲੀ ਅਤੇ ਡਰਾਉਣਾ ਰੂਪ ਦੇਖਣਗੇ ਜੋ ਸ਼ਰਮਾ ਅਤੇ ਜਿੰਦਲ ਪਰਿਵਾਰਾਂ ਦੀ ਜ਼ਿੰਦਗੀ ਨਰਕ ਬਣਾਉਣ ਦੇ ਪਿੱਛੇ ਪਈ ਹੋਈ ਹੈ। ਸਾਇਆ ਦੀ ਇਕ ਤਸਵੀਰ ਪਰਿਵਾਰ ਦੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੀ ਹੈ ਜਿਸ ਦੇ ਬਾਅਦ ਜਿੰਦਲ ਪਰਿਵਾਰ ਉਸ ਤਸਵੀਰ ਨੂੰ ਜ਼ਮੀਨ ਵਿਚ ਗੱਡਣ ਦਾ ਫੈਸਲਾ ਕਰਦਾ ਹੈ।
ਸੀਪੀ ਅਤੇ ਸਾਇਆ ਦਾ ਕਿਰਦਾਰ ਨਿਭਾ ਰਹੀ ਹਿਬਾ ਨਵਾਬ ਨੇ ਕਿਹਾ, ‘ਇਸ ਸ਼ੋਅ ਦੀ ਕਹਾਣੀ ਵਿਚ ਇਕ ਰੁਮਾਂਚਕ ਮੋੜ ਆਉਣ ਵਾਲਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਸ ਦੀ ਅੱਗੇ ਦੀ ਕਹਾਣੀ ਬਹੁਤ ਮਜ਼ੇਦਾਰ ਲੱਗੇਗੀ। ਸਾਇਆ ਸ਼ਰਮਾ ਪਰਿਵਾਰ ਅਤੇ ਜਿੰਦਲ ਪਰਿਵਾਰ ਦੀ ਜ਼ਿੰਦਗੀ ਨੂੰ ਜਿਊਂਦੇ ਜੀ ਨਰਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ।’
ਸੁਭਾਸ਼ੀਸ਼ ਝਾ ਜੋ ਜੀਜਾ ਜੀ ਦੀ ਭੂਮਿਕਾ ਨਿਭਾ ਰਹੇ ਹਨ, ਨੇ ਕਿਹਾ, ‘ਸੈੱਟ ‘ਤੇ ਪਰਤਣਾ ਅਤੇ ਆਪਣੇ ਪ੍ਰਸੰਸਕਾਂ ਲਈ ਨਵੇਂ ਐਪੀਸੋਡ ਬਣਾਉਣ ਦੀ ਪੇਸ਼ਕਸ਼ ਨੇ ਸਾਨੂੰ ਇਕਦਮ ਖੁਸ਼ ਕਰ ਦਿੱਤਾ ਹੈ। ਟੀਮ ਵੱਲੋਂ ਸੈੱਟ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਦਰਸ਼ਕ ਜੀਜਾ ਜੀ ਅਤੇ ਸੀਪੀ ਦੇ ਬਹੁਤ ਸਾਰੇ ਦ੍ਰਿਸ਼ ਦੇਖਣਗੇ। ਜੀਜਾ ਜੀ ਅਤੇ ਸੀਪੀ ਦੇ ਕਿਰਦਾਰਾਂ ਨੇ ਆਪਣੇ ਪਰਿਵਾਰ ਦੇ ਮੁਖੀਆਂ ਦਾ ਸਾਹਮਣਾ ਕੀਤਾ ਹੈ ਅਤੇ ਉਨ੍ਹਾਂ ਦੀ ਨੋਕਝੋਕ ਵਿਚ ਸ਼ਾਮਲ ਰਹੇ ਹਨ। ਇਹ ਸਫ਼ਰ ਮਜ਼ੇਦਾਰ ਅਤੇ ਪ੍ਰੇਰਣਾਦਾਇਕ ਰਿਹਾ ਹੈ। ਮੈਨੂੰ ਜੀਜਾ ਜੀ ਦਾ ਕਿਰਦਾਰ ਨਿਭਾਉਣ ਵਿਚ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਮੈਨੂੰ ਇਕ ਅਜਿਹਾ ਕਿਰਦਾਰ ਨਿਭਾਉਣ ਦੀ ਸੰਤੁਸ਼ਟੀ ਮਿਲਦੀ ਹੈ ਜੋ ਲੋਕਾਂ ਨੂੰ ਹਸਾਉਂਦਾ ਹੈ ਅਤੇ ਕੰਮ ਦੇ ਸਿਲਸਿਲੇ ਵਿਚ ਦਿਨ ਭਰ ਦੀ ਭੱਜਦੌੜ ਦੇ ਬਾਅਦ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਲੈ ਕੇ ਆਉਂਦਾ ਹੈ।”