ਪੱਤਰ ਪ੍ਰੇਰਕ
ਅੰਮ੍ਰਿਤਸਰ, 9 ਜੁਲਾਈ
ਪਿੰਡ ਮਹਿਤਾ ਵਿੱਚ ਜ਼ਿਮੀਂਦਾਰ ਘਰਾਣੇ ਦੀਆਂ ਮਰਦਾਂ ਵੱਲੋਂ ਖੇਤਾਂ ਵਿੱਚ ‘ਟਾਇਲਟ’ ਕਰਨ ’ਤੇ ਨਾਬਾਲਿਗ ਲੜਕੀਆਂ ਦੇ ਥੱਪੜ ਮਾਰਨ, ਦਲਿਤ ਪਿਓ ਦਾ ਹੱਥ ਤੋੜਨ ਦੇ ਮਾਮਲੇ ਨੂੰ ਲੈ ਕੇ ਦਲਿਤ ਪਰਿਵਾਰ ਨੇ ਨਿਆਂ ਦੇਣ ਲਈ ਪੰਜਾਬ ਰਾਜ ਐੱਸਸੀ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਪੀੜਤ ਦਲਿਤ ਵਿਅਕਤੀ ਰਾਣਾ ਸਿੰਘ ਦੇ ਬਜ਼ੁਰਗ ਪਿਤਾ ਮੁਖਤਾਰ ਸਿੰਘ ਨੇ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਡਾ. ਟੀਐਸ ਸਿਆਲਕਾ ਦੇ ਨਾਲ ਮੁਲਾਕਾਤ ਕਰਕੇ ਪਿੰਡ ਮਹਿਤਾ ਦੇ ਧਨਾਢ ਸ਼ਾਹੂਕਾਰਾਂ ਵੱਲੋਂ ਜਾਤੀ ਵਿਤਕਰਾ ਕਰਨ, ਜ਼ਲੀਲ ਕਰਨ ਅਤੇ ਕੁੱਟਮਾਰ ਕਰਕੇ ਜ਼ਖਮੀ ਕਰਨ ਅਤੇ ਨਬਾਲਗ ਬੱਚੀਆਂ ਨੂੰ ਖੇਤਾਂ ਵਿੱਚ ਵੜਨ ’ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੀੜਤ ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਪ੍ਰਾਪਤ ਕਰਕੇ ਡਾ. ਸਿਆਲਕਾ ਨੇ ਦੱਸਿਆ ਕਿ ਪਿੰਡ ਮਹਿਤਾ ’ਚੋਂ ਅੱਜ ਕੁਝ ਦਲਿਤ ਪਰਿਵਾਰਾਂ ਨੇ ਕਮਿਸ਼ਨ ਨੂੰ ਮਿਲ ਕੇ ਜ਼ਿਮੀਂਦਾਰ ਵੱਲੋਂ ਕੀਤੀ ਗਈ ਜ਼ਿਆਦਤੀ ਦਾ ਜ਼ਿਕਰ ਕੀਤਾ ਹੈ ਅਤੇ ਸਥਾਨਕ ਪੁਲੀਸ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਸੁਣਵਾਈ ਨਾ ਕਰਨ ਦਾ ਵੀ ਰੋਸ ਕਮਿਸ਼ਨ ਕੋਲ ਕੀਤਾ ਹੈ। ਡਾ. ਸਿਆਲਕਾ ਨੇ ਦੱਸਿਆ ਕਿ ਮਾਮਲਾ ਗੰਭੀਰ ਅਤੇ ਜਾਤੀ ਵਿਤਕਰੇ ਦਾ ਹੋਣ ਕਰਕੇ ਇਸ ਮਾਮਲੇ ਦੀ ‘ਜਾਂਚ’ ਕਮਿਸ਼ਨ ਨੇ ਐੱਸਐੱਸਪੀ ਅੰਮ੍ਰਿਤਸਰ ਨੂੰ ਸੌਂਪੀ ਹੈ ਅਤੇ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ 25 ਜੁਲਾਈ ਨੂੰ ਤਲਬ ਕਰ ਲਈ ਹੈ।