ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 9 ਜੁਲਾਈ
ਵਿਵਾਦਿਤ ਨਗਰ ਕੌਂਸਲ ਕੋਟਕਪੂਰਾ ਦਫ਼ਤਰ ਪਿਛਲੇ ਕਈ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ ਵਿਚ ਚੱਲ ਰਿਹਾ ਹੈ। ਕਦੇ ਕੌਂਸਲ ਦੀ ਪ੍ਰਧਾਨਗੀ ਦੀ ਚੋਣ, ਕਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅਤੇ ਹੁਣ ਇਸ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਆਪਸ ਵਿਚ ਹੀ ਛਿੱਤਰੋ-ਛਿੱਤਰੀ ਹੋ ਗਏ ਰਹੇ ਹਨ। ਲੰਘੇ ਵੀਰਵਾਰ ਇਸ ਕੌਂਸਲ ਦੇ ਜੂਨੀਅਰ ਇੰਜਨੀਅਰ ਹਰਗੋਬਿੰਦ ਸਿੰਘ ਅਤੇ ਜੂਨੀਅਰ ਸਹਾਇਕ ਪ੍ਰਵੀਨ ਗੌਤਮ ਵਿਚਕਾਰ ਕਿਸੇ ਛੋਟੀ ਜਿਹੀ ਵਜਾਹ ਨੂੰ ਲੈ ਕੇ ਝਗੜਾ ਹੋਇਆ। ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਜੋਸ਼ੀ ਦੇ ਕਮਰੇ ਵਿੱਚ ਹੀ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਹੈ। ਦਰਅਸਲ, ਪੂਰੇ ਮਾਮਲੇ ਦੀ ਸਰਕਲ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਲੰਮੇਂ ਸਮੇਂ ਤੋਂ ਕਰਮਚਾਰੀ ਤੇ ਅਧਿਕਾਰੀ ਵਿਚਕਾਰ ਚੱਲ ਰਹੀ ਆਪਸੀ ਖਿੱਚੋਤਾਨ ਨਾਲ ਸਬੰਧਿਤ ਹੈ। ਜੂਨੀਅਰ ਸਹਾਇਕ ਪ੍ਰਵੀਨ ਗੌਤਮ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਉਨ੍ਹਾਂ ਨੂੰ ਇਹ ਕੰਮ ਕਹਿ ਕੇ ਕਰਵਾਇਆ ਜਾ ਰਿਹਾ ਸੀ ਜਿਸ ਤੋਂ ਨਿਯਮਾਂ ਦੇ ਉਲਟ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੇ ਕਮਰੇ ’ਚ ਜੇਈ ਤੇ ਕੁਝ ਕਾਂਗਰਸੀ ਵਰਕਰਾਂ ਨੇ ਉਸ ਦੀ ਕੁੱਟਮਾਰ ਕਰਕੇ ਉਸਦੇ ਕੱਪੜੇ ਪਾੜ ਦਿੱਤੇ ਜਦੋਂਕਿ ਦੂਜੇ ਪਾਸੇ ਜੇਈ ਹਰਗੋਬਿੰਦ ਸਿੰਘ ਨੇ ਆਖਿਆ ਕਿ ਕਰਮਚਾਰੀ ਵੱਲੋਂ ਆਪਣੇ ਸੀਨੀਅਰ ਨਾਲ ਦੁਰਵਿਹਾਰ ਕਰਕੇ ਦਫ਼ਤਰੀ ਅਨੁਸ਼ਾਸਨ ਭੰਗ ਕੀਤਾ ਗਿਆ ਹੈ। ਮਾਮਲੇ ਬਾਰੇ ਜਦੋਂ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਮੂਹਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਉਠ ਕੇ ਚਲੇ ਗਏ। ਹਾਲਾਂਕਿ ਹੁਣ ਇਹ ਮਾਮਲਾ ਪੁਲੀਸ ਸਟੇਸ਼ਨ ਤੱਕ ਪਹੁੰਚ ਗਿਆ ਹੈ।