ਚੰਡੀਗੜ੍ਹ, 10 ਜੁਲਾਈ
ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਹੁਣ ‘ਆਪ’ ਵੱਲ ਨਿਸ਼ਾਨੇ ਸਾਧ ਲਏ ਹਨ। ਉਨ੍ਹਾਂ ਪੰਜਾਬ ਸਣੇ ਤਿੰਨ ਸੂਬਿਆਂ ਵਿਚ ਪਾਵਰ ਪਲਾਂਟ ਬੰਦ ਕਰਨ ਲਈ ਪਾਈ ਪਟੀਸ਼ਨ ਦੇ ਮਾਮਲੇ ’ਤੇ ਦਿੱਲੀ ਦੀ ਸੱਤਾਧਾਰੀ ਪਾਰਟੀ ਨੂੰ ਘੇਰਿਆ। ‘ਆਪ’ ਨੇ ਮਗਰੋਂ ਇਹ ਪਟੀਸ਼ਨ ਵਾਪਸ ਲੈ ਲਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ ਯੂਪੀ, ਪੰਜਾਬ ਤੇ ਹਰਿਆਣਾ ਵਿਚ ਚੱਲਦੇ 10 ਕੋਲੇ ਵਾਲੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਸੀ। ਦਿੱਲੀ ਸਰਕਾਰ ਦਾ ਤਰਕ ਸੀ ਕਿ ਇਨ੍ਹਾਂ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੁੰਦਾ ਹੈ। ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਵਿਚ ਬਿਜਲੀ ਸੰਕਟ ਦੌਰਾਨ ਥਰਮਲ ਪਲਾਂਟ ਬੰਦ ਹੋ ਜਾਣ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਦੀ ਤਬਾਹੀ ਦੇਖਣਾ ਚਾਹੁੰਦੀਆਂ ਹਨ।-ਪੀਟੀਆਈ