ਪਰਮਜੀਤ ਸਿੰਘ/ਕੁਲਦੀਪ ਬਰਾੜ
ਫਾਜ਼ਿਲਕਾ/ਮੰਡੀ ਘੁਬਾਇਆ, 10 ਜੁਲਾਈ
ਆਲ ਪੰਜਾਬ ਆਂਗਣਵਾੜੀ ਯੂਨੀਅਨ ਦੇ ਸੱਦੇ ’ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਵਿਖੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਘਰ ਪਹੁੰਚ ਕੇ ਵਿਧਾਇਕ ਨੂੰ ਉਸ ਦੇ ਘਰ ਅੰਦਰ ਹੀ ਬੰਦ ਕਰ ਦਿੱਤਾ। ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਧਾਇਕ ਘੁਬਾਇਆ ਨੂੰ ਘੇਰਨ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤੜਕੇ ਪੰਜ ਵਜੇ ਦੇ ਕਰੀਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਇਸ ਮੌਕੇ ਪੁਲੀਸ ਅਤੇ ਵਿਧਾਇਕ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਆਪਣੀ ਕੋਠੀ ’ਚੋਂ ਨਿਕਲ ਸਕੇ ਤੇ ਉਦੋਂ ਵਰਕਰਾਂ ਨੇ ਉਨ੍ਹਾਂ ਨੂੰ ਘਰੇ ਲਿਆ। ਬਹਿਸ ਹੋਣ ਤੋਂ ਬਾਅਦ ਵਿਧਾਇਕ ਘੁਬਾਇਆ ਘੰਟੇ ਬਾਅਦ ਗੱਲ ਕਰਨ ਦਾ ਲਾਰਾ ਲਾ ਕੇ ਆਂਗਣਵਾੜੀ ਵਰਕਰਾਂ ਤੋਂ ਖਹਿੜਾ ਛੁਡਾ ਕੇ ਚਲੇ ਗਏ। ਇਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਇਸ ਧਰਨੇ ਪ੍ਰਦਰਸ਼ਨ ਨੂੰ ਆਂਗਨਵਾੜੀ ਵਰਕਰਾਂ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਆਪਣੇ ਖੂਨ ਨਾਲ ਲਿੱਖਿਆ ਮੰਗ ਪੱਤਰ ਵਿਧਾਇਕ ਘੁਬਾਇਆ ਨੂੰ ਸੌਂਪਿਆ। ਯੂਨੀਅਨ ਆਗੂਆਂ ਅਤੇ ਮੈਂਬਰਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਹੋਰ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸ਼ੀਲਾ ਰਾਣੀ, ਸੁਮਿਤਰਾ ਰਾਣੀ, ਰੇਸ਼ਮਾ ਰਾਣੀ, ਸੀਤਾ ਰਾਣੀ, ਸੁਨੀਤਾ ਰਾਣੀ, ਪ੍ਰਕਾਸ਼ ਕੌਰ, ਸ਼ਿਮਲਾ ਰਾਦੀ, ਜੋਤੀ ਬਾਲਾ, ਿਸ਼ਨਾ ਰਾਣੀ, ਪ੍ਰਕਾਸ਼ ਕੌਰ, ਊਸ਼ਾ ਰਾਣੀ, ਕਰਮਜੀਤ ਕੌਰ, ਸਤਵੀਰ ਰਾਣੀ, ਹਰਮੇਸ਼ ਰਾਣੀ, ਕੈਲਾਸ਼ ਰਾਣੀ ਤੇ ਜੋਤੀ ਬਾਲਾ ਫਾਜ਼ਿਲਕਾ ਹਾਜ਼ਰ ਸਨ।