ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੁਲਾਈ
ਪੰਜਾਬ ਸਰਕਾਰ ਨੇ ਐਤਕੀ ਬਿਜਲੀ ਕੱਟ ਵੀ ਲਾਏ, ਸਨਅਤਾਂ ਦੀ ਸਪਲਾਈ ਵੀ ਬੰਦ ਕੀਤੀ, ਫਿਰ ਵੀ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਨਹੀਂ ਜਾ ਸਕੀ। ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਲੈ ਕੇ ਹੁਣ ਇੱਕ ਮਹੀਨਾ ਪੂਰਾ ਹੋ ਚੁੱਕਾ ਹੈ ਪਰ ਸਰਕਾਰ ਖੇਤਾਂ ਲਈ ਐਲਾਨੀ ਬਿਜਲੀ ਸਪਲਾਈ ਦੇ ਨਹੀਂ ਸਕੀ। ਮੁੱਖ ਮੰਤਰੀ ਨੇ ਦਾਅਵੇ ਕੀਤੇ ਹਨ ਕਿ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪ੍ਰੰਤੂ ਹਕੀਕਤ ਇਸ ਦੇ ਉਲਟ ਹੈ।
ਪਾਵਰਕੌਮ ਦੇ ਆਪਣੇ ਸਰਕਾਰੀ ਤੱਥ ਹਨ ਕਿ ਪੰਜਾਬ ਵਿਚ ਖੇਤੀ ਸੈਕਟਰ ਨੂੰ 8 ਜੁਲਾਈ ਨੂੰ 7.12 ਘੰਟੇ ਅਤੇ ਸਰਹੱਦੀ ਖੇਤਰ ’ਚ ਖੇਤੀ ਨੂੰ 7.30 ਘੰਟੇ ਬਿਜਲੀ ਸਪਲਾਈ ਦਿੱਤੀ ਹੈ। ਇਵੇਂ 7 ਜੁਲਾਈ ਨੂੰ ਖੇਤੀ ਸੈਕਟਰ ਨੂੰ 6.23 ਘੰਟੇ ਅਤੇ ਸਰਹੱਦੀ ਖੇਤਰ ’ਚ ਖੇਤਾਂ ਨੂੰ 6.30 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ। ਹਕੀਕਤ ’ਚ ਇਸ ਤੋਂ ਵੀ ਘੱਟ ਬਿਜਲੀ ਸਪਲਾਈ ਦਿੱਤੀ ਗਈ ਹੈ। ਪੰਜਾਬ ਵਿਚ ਕਰੀਬ 14.50 ਲੱਖ ਖੇਤੀ ਟਿਊਬਵੈਲਾਂ ਦੇ ਕੁਨੈਕਸ਼ਨ ਹਨ ਅਤੇ ਛੇ ਹਜ਼ਾਰ ਖੇਤੀ ਫੀਡਰ ਹਨ।
ਪਾਵਰਕੌਮ ਦੇ ਤੱਥ ਹੀ ਸਰਕਾਰ ਦੇ ਦਾਅਵੇ ਉਡਾ ਰਹੇ ਹਨ। ਕਿਸਾਨ ਧਿਰਾਂ ਵੱਲੋਂ ਬਿਜਲੀ ਸਪਲਾਈ ’ਤੇ ਉਂਗਲ ਉਠਾਈ ਜਾ ਰਹੀ ਹੈ। ਸਰਕਾਰੀ ਦਾਅਵੇ ਹਨ ਕਿ ਪੰਜਾਬ ਵਿਚ ਹੁਣ ਬਿਜਲੀ ਕੱਟ ਨਹੀਂ ਲਾਏ ਜਾ ਰਹੇ ਹਨ। ਪਾਵਰਕੌਮ ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 8 ਜੁਲਾਈ ਨੂੰ ਸ਼ਹਿਰੀ ਪੈਟਰਨ ਵਾਲੀ ਪੇਂਡੂ ਸਪਲਾਈ ’ਤੇ 4.52 ਘੰਟੇ, ਪੇਂਡੂ ਸਪਲਾਈ ’ਤੇ 6.16 ਘੰਟੇ, ਸ਼ਹਿਰੀ/ਸਨਅਤੀ ਖੇਤਰਾਂ ’ਤੇ 2.51 ਘੰਟੇ ਅਤੇ ਕੰਢੀ ਖੇਤਰ ’ਚ 5 ਘੰਟੇ ਬਿਜਲੀ ਕੱਟ ਲਾਏ ਗਏ ਹਨ। ਪਿਛਲੇ ਵਰ੍ਹੇ ਇਨ੍ਹਾਂ ਦਿਨਾਂ ਵਿਚ ਕੋਈ ਬਿਜਲੀ ਕੱਟ ਨਹੀਂ ਸੀ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਲੋੜ ਤਾਂ ਇਸ ਗੱਲ ਦੀ ਸੀ ਕਿ ਖੇਤੀ ਕਾਨੂੰਨਾਂ ਦੀ ਮਾਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਖੇਤੀ ਸੈਕਟਰ ਨੂੰ ਨਿਰਵਿਘਨ ਅੱਠ ਦੀ ਬਜਾਏ 10 ਘੰਟੇ ਬਿਜਲੀ ਸਪਲਾਈ ਦਿੰਦੀ, ਉਲਟਾ ਸਰਕਾਰ ਗਲਤ ਤੱਥ ਪੇਸ਼ ਕਰਕੇ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਖੇਤਾਂ ’ਚ ਆਪਣੀ ਟੀਮ ਭੇਜਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਦਾ ਪਤਾ ਲੱਗ ਸਕੇ।
ਪੰਜਾਬ ਵਿਚ ਬਿਜਲੀ ਕੱਟ ਲੱਗਣ ਕਰਕੇ ਅਤੇ ਵੱਡੀ ਸਨਅਤ ਨੂੰ ਬੰਦ ਰੱਖਣ ਕਰਕੇ ਬਿਜਲੀ ਦੀ ਮੰਗ ਕਰੀਬ 11690 ਮੈਗਾਵਾਟ ਦੇ ਆਸ ਪਾਸ ਹੈ ਜਿਸ ’ਚੋਂ ਕਰੀਬ 7700 ਮੈਗਾਵਾਟ ਬਿਜਲੀ ਬਾਹਰੋਂ ਲਈ ਜਾ ਰਹੀ ਹੈ। ਪਾਵਰਕੌਮ ਤਰਫ਼ੋਂ ਇੱਕ ਝਉਲਾ ਪਾਇਆ ਗਿਆ ਕਿ ਬਾਹਰੋਂ ਬਿਜਲੀ 12.49 ਰੁਪਏ ਪ੍ਰਤੀ ਯੂਨਿਟ ਵੀ ਖਰੀਦ ਕੀਤੀ ਗਈ ਹੈ।
ਮਾਹਿਰ ਆਖਦੇ ਹਨ ਕਿ ਇਹ ਵੀ ਅੱਧਾ ਸੱਚ ਹੈ ਕਿਉਂਕਿ ਇਹ ਪੀਕ ਟਾਈਮ (ਸ਼ਾਮ ਵਕਤ) ਦਾ ਸਲੌਟ ਰੇਟ ਹੈ ਜਦੋਂ ਕਿ ਇਸੇ ਦਿਨ ਦਾ ਔਸਤਨ ਰੇਟ (ਆਰਟੀਸੀ) 5.09 ਰੁਪਏ ਪ੍ਰਤੀ ਯੂਨਿਟ ਸੀ। ਪਾਵਰਕੌਮ ਵੱਲੋਂ ਅੱਜ ਵੀ ਬਾਹਰੋਂ ਔਸਤਨ 3.34 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਹੈ। ਕਿਸਾਨ ਆਖਦੇ ਹਨ ਕਿ ਜੇ ਬਿਜਲੀ ਮੰਤਰੀ ਲੋੜੀਂਦੇ ਪ੍ਰਬੰਧਾਂ ਦੀ ਅਗਾਊ ਯੋਜਨਾਬੰਦੀ ਕਰਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ।
ਵੇਰਵਿਆਂ ਅਨੁਸਾਰ ਭਾਖੜਾ ਤੋਂ ਸਿਰਫ਼ 125 ਮੈਗਾਵਾਟ ਬਿਜਲੀ ਐਤਕੀਂ ਘੱਟ ਮਿਲ ਰਹੀ ਹੈ ਜਦੋਂ ਕਿ ਗੁਜਰਾਤ ਦੇ ਪ੍ਰਾਈਵੇਟ ਥਰਮਲ ਨੇ ਪਾਵਰਕੌਮ ’ਤੇ 200 ਮੈਗਾਵਾਟ ਦੀ ਕਟੌਤੀ ਲਾ ਦਿੱਤੀ ਹੈ। ਆਉਂਦੇ ਦਿਨਾਂ ਵਿਚ ਮੌਨਸੂਨ ’ਚ ਦੇਰ ਹੋਈ ਤਾਂ ਬਿਜਲੀ ਕੱਟ ਵੀ ਵਧਣਗੇ। ਸਰਕਾਰੀ ਪੱਖ ਜਾਣਨ ਲਈ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ।
ਬਣਾਂਵਾਲੀ ਥਰਮਲ ਹੋਇਆ ਮੁਕੰਮਲ ਬੰਦ !
ਤਲਵੰਡੀ ਸਾਬੋ ਤਾਪ ਬਿਜਲੀ ਘਰ ਤੋਂ ਬਿਜਲੀ ਉਤਪਾਦਨ ਬਿਲਕੁਲ ਠੱਪ ਹੋ ਗਿਆ ਹੈ। ਤਾਪ ਬਿਜਲੀ ਘਰ ਦੇ 1980 ਮੈਗਾਵਾਟ ਦੇ ਤਿੰਨ ਯੂਨਿਟ ਹਨ ਜਿਨ੍ਹਾਂ ਤੋਂ ਇੱਕ ਯੂਨਿਟ ਪਹਿਲਾਂ ਹੀ 8 ਮਾਰਚ ਤੋਂ ਬੰਦ ਪਿਆ ਹੈ। ਜਿਉਂ ਹੀ ਝੋਨੇ ਦਾ ਪੀਕ ਸੀਜ਼ਨ ਆਇਆ ਤਾਂ 4 ਜੁਲਾਈ ਤੋਂ ਯੂਨਿਟ ਨੰਬਰ ਇੱਕ ਵਿਚ ਨੁਕਸ ਪੈ ਗਿਆ। ਜੋ ਇਕਲੌਤਾ ਯੂਨਿਟ ਅੱਧੀ ਸਮਰੱਥਾ ’ਤੇ ਚੱਲ ਰਿਹਾ ਸੀ, ਉਹ ਵੀ ਅੱਜ ਨੁਕਸ ਪੈਣ ਕਾਰਨ ਬੰਦ ਹੋ ਗਿਆ ਹੈ। ਵੇਦਾਂਤਾ ਗਰੁਪ ਨੇ ਅੱਜ ਲਿਖਤੀ ਪੱਤਰ ਭੇਜ ਕੇ ਪਾਵਰਕੌਮ ਨੂੰ ਦੱਸਿਆ ਹੈ ਕਿ ਇਹ ਦੋਵੇਂ ਯੂਨਿਟ 12 ਜੁਲਾਈ ਮਗਰੋਂ ਹੀ ਚੱਲਣਗੇ। ਰੋਪੜ ਤਾਪ ਬਿਜਲੀ ਘਰ ਦਾ ਬੰਦ ਯੂਨਿਟ ਭਲਕੇ ਚੱਲਣ ਦੀ ਸੰਭਾਵਨਾ ਹੈ।