ਢਾਕਾ, 9 ਜੁਲਾਈ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅੱਜ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ ਲੰਘੀ ਸ਼ਾਮ ਤਕਰੀਬਨ ਪੰਜ ਵਜੇ ਅੱਗ ਲੱਗ ਗਈ। ਅਜਿਹਾ ਖਦਸ਼ਾ ਹੈ ਕਿ ਅੱਗ ਇਮਾਰਤ ਦੇ ਬੇਸਮੈਂਟ ’ਚ ਲੱਗੀ ਅਤੇ ਕੈਮੀਕਲ ਤੇ ਪਲਾਸਟਿਕ ਦੀਆਂ ਬੋਤਲਾਂ ਕਾਰਨ ਤੇਜ਼ੀ ਨਾਲ ਫੈਲ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਹਾਦਸੇ ’ਚ 52 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਵਿਅਕਤੀ ਝੁਲਸ ਗਏ ਹਨ। ਅੱਗ ਤੋਂ ਬਚਣ ਲਈ ਕਈ ਮਜ਼ਦੂਰਾਂ ਨੇ ਇਮਾਰਤ ਤੋਂ ਛਾਲਾਂ ਮਾਰ ਦਿੱਤੀਆਂ। ਮੀਡੀਆ ਰਿਪੋਰਟਾਂ ਅਨੁਸਾਰ ਹਾਸ਼ਮ ਫੂਡਜ਼ ਲਿਮਿਟਡ ਦੇ ਕਾਰਖਾਨੇ ਦੀ ਇਮਾਰਤ ’ਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਲੱਗੀਆਂ ਹੋਈਆਂ ਹਨ। ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ’ਚ ਇਮਾਰਤ ਦੇ ਸਾਹਮਣੇ ਇਕੱਠੇ ਹੋ ਗਏ ਹਨ। ਲਾਪਤਾ ਲੋਕਾਂ ’ਚੋਂ 44 ਮਜ਼ਦੂਰਾਂ ਦੀ ਪਛਾਣ ਹੋ ਗਈ ਹੈ। ਬਚਾਏ ਗਏ ਮਜ਼ਦੂਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਅੱਗ ਲੱਗਣ ਸਮੇਂ ਕਾਰਖਾਨੇ ’ਚੋਂ ਬਾਹਰ ਨਿਕਲਣ ਦਾ ਇੱਕੋ ਇੱਕ ਰਾਹ ਬੰਦ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਮਾਰਤ ’ਚ ਅੱਗ ਬੁਝਾਉਣ ਦੇ ਸੁਰੱਖਿਆ ਬੰਦੋਬਸਤ ਨਹੀਂ ਸਨ। ਇਸੇ ਵਿਚਾਲੇ ਨਾਰਾਇਣਗੰਜ ਦੇ ਜ਼ਿਲ੍ਹਾ ਅੱਗ ਬੁਝਾਊ ਸੇਵਾ ਦੇ ਡਿਪਟੀ ਡਾਇਰੈਕਟਰ ਅਬਦੁੱਲ੍ਹਾ ਅਲ ਅਰੇਫਿਨ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਅਜੇ ਥੋੜ੍ਹਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਤੱਕ ਇਹ ਕਹਿਣਾ ਸੰਭਵ ਨਹੀਂ ਹੈ ਕਿ ਇਸ ਹਾਦਸੇ ’ਚ ਕਿੰਨਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। -ਪੀਟੀਆਈ