ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਜੁਲਾਈ
ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ’ਤੇ ਕਲਮ ਛੱਡੋ ਹੜਤਾਲ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਬੱਸ ਸਟੈਂਡ ਅੰਮ੍ਰਿਤਸਰ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਕਨਵੀਨਰਾਂ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਜੋਗਿੰਦਰ ਸਿੰਘ, ਸੰਜੀਵ ਸ਼ਰਮਾ, ਸੁਖਦੇਵ ਸਿੰਘ ਪੰਨੂ, ਮਨਜਿੰਦਰ ਸਿੰਘ ਸੰਧੂ ਅਤੇ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਰੈਲੀ ਕੀਤੀ ਅਤੇ ਬੱਸ ਅੱਡੇ ਦਾ ਦੋ ਘੰਟੇ ਲਈ ਘਿਰਾਉ ਕੀਤਾ। ਇਸ ਮੌਕੇ ਜਰਮਨਜੀਤ ਸਿੰਘ, ਮੰਗਲ ਸਿੰਘ ਟਾਂਡਾ, ਕੁਲਵੰਤ ਸਿੰਘ ਡਿਹਰੀਵਾਲਾ, ਬਲਰਾਜ ਸਿੰਘ ਭੰਗੂ, ਮਨਜੀਤ ਸਿੰਘ ਬਾਸਰਕੇ, ਨਿਰਮਲ ਸਿੰਘ ਆਨੰਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ 6ਵੇਂ ਪੇ-ਕਮਿਸ਼ਨ ਵਿੱਚ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਇਸੇ ਦੌਰਾਨ ਪੰਜਾਬ ਰਾਜ ਪਾਵਰਕੌਮ ਲਿਮਟਿਡ ਈਸਟ ਮੰਡਲ ਅੰਮ੍ਰਿਤਸਰ ਸਟੇਟ ਕਮੇਟੀ ਦੀ ਕਾਲ ’ਤੇ ਤਾਲਮੇਲ ਕਮੇਟੀ ਨੇ ਪਾਵਰ ਕਲੋਨੀ ਵਿਚ ਰੋਸ ਰੈਲੀ ਕੀਤੀ ਤੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ। ਉਨ੍ਹਾਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ।
ਜਲੰਧਰ (ਪਾਲ ਸਿੰਘ ਨੌਲੀ): ਰੋਡਵੇਜ਼ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡਾ ਬਿਲਕੁਲ ਬੰਦ ਰੱਖਿਆ। ਰੋਡਵੇਜ਼ ਕਾਮਿਆਂ ਵੱਲੋਂ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ ਬੱਸ ਅੱਡੇ ਦੇ ਸਾਰੇ ਗੇਟਾਂ ਅੱਗੇ ਬੱਸਾਂ ਖੜ੍ਹੀਆਂ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਕਾਮਿਆਂ ਦੇ ਹੱਥਾਂ ਵਿਚ ਜਿਹੜਾ ਬੈਨਰ ਫੜਿਆ ਹੋਇਆ ਸੀ ਉਸ ਉੱਪਰ ‘ਲਾਪਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ’ ਲਿਖਿਆ ਹੋਇਆ ਸੀ। ਉਹ ਵਾਰ-ਵਾਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਰੋਸ ਪ੍ਰਦਰਸ਼ਨ ਦੌਰਾਨ ਜਸਵੀਰ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ, ਅਮਰਜੀਤ, ਦਲੇਰ ਸਿੰਘ ਅਤੇ ਫਕੀਰ ਸਿੰਘ ਨੇ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਅੱਜ ਰੋਡਵੇਜ਼, ਸਿਹਤ, ਸਿੱਖਿਆ, ਸਿੰਚਾਈ, ਮਾਲ, ਵਿੱਤ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਨੇ ਇਥੋਂ ਦਾ ਬੱਸ ਅੱਡਾ ਬੰਦ ਕਰਕੇ ਰੈਲੀ ਕੀਤੀ| ਮੁਲਾਜ਼ਮ ਆਗੂ ਸੁਖਪ੍ਰੀਤ ਸਿੰਘ ਪੰਨੂ , ਕਰਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਸੰਧੂ, ਅਜਮੇਰ ਸਿੰਘ ਨੇ ਦੱਸਿਆ ਕਿ ਮੁਲਾਜਮਾਂ ਨੇ ਸ਼ਹਿਰ ਅੰਦਰ ਰੋਸ ਮਾਰਚ ਕੀਤਾ| ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਪੈਰਾ ਮੈਡੀਕਲ ਮੁਲਾਜ਼ਮਾਂ ਨੇ ਸਿਵਲ ਸਰਜਨ ਦੇ ਦਫਤਰ ਸਾਹਮਣੇ ਤਨਖਾਹ ਕਮਿਸ਼ਨ ਖ਼ਿਲਾਫ਼ ਰੈਲੀ ਕੀਤੀ ਅਤੇ ਰੋਸ ਮਾਰਚ ਕੀਤਾ| ਪਾਵਰਕੌਮ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੇ ਵੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਕੇ ਸਰਕਾਰ ਦੀ ਅਰਥੀ ਸਾੜੀ|
ਬੱਸ ਅੱਡਾ ਬੰਦ ਹੋਣ ਕਾਰਨ ਸਵਾਰੀਆਂ ਹੋਈਆਂ ਪ੍ਰੇਸ਼ਾਨ
ਜਲੰਧਰ: ਦੋ ਘੰਟੇ ਬੱਸ ਅੱਡਾ ਬੰਦ ਰਹਿਣ ਨਾਲ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹ ਧਰਨਾ ਖਤਮ ਹੋਣ ਦੇ ਇੰਤਜ਼ਾਰ ਵਿਚ ਸਨ ਕਿ ਕਦੋਂ ਮੁਲਾਜ਼ਮਾਂ ਦਾ ਧਰਨਾ ਖਤਮ ਹੋਵੇ ਤੇ ਉਹ ਆਪਣੀ ਮੰਜ਼ਲ ਵੱਲ ਵਧਣ। ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਬੱਸ ਅੱਡਾ ਬੰਦ ਕਰਨ ਬਾਰੇ ਇਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ, ਫਿਰ ਵੀ ਜੇ ਸਵਾਰੀਆਂ ਨੂੰ ਕੋਈ ਪ੍ਰੇਸ਼ਾਨੀ ਹੋਈ ਹੈ ਤਾਂ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। -ਨਿੱਜੀ ਪੱਤਰ ਪ੍ਰੇਰਕ