ਬਲਵਿੰਦਰ ਕੌਰ
ਇਹ ਗੱਲ 1944 ਦੀ ਹੈ, ਜਦੋਂ ਹਿੰਦੀ ਸਿਨਮਾ ਵਿਚ ਬੰਬੇ ਟਾਕੀਜ਼ ਸਟੂਡਿਓ ਦੀ ਚੜ੍ਹਤ ਸੀ ਅਤੇ ਇਸ ਦੀ ਮਾਲਕਣ ਸੀ ਦੇਵਿਕਾ ਰਾਣੀ। ਬੰਬੇ ਟਾਕੀਜ਼ ਨੂੰ ਨਵੇਂ ਹੀਰੋ ਦੀ ਤਲਾਸ਼ ਸੀ ਜੋ ਫ਼ਿਲਮਾਂ ਵਿਚ ਤਹਿਲਕਾ ਮਚਾ ਦੇਵੇ, ਪਰ ਉਨ੍ਹਾਂ ਨੂੰ ਅਜਿਹਾ ਹੀਰੋ ਨਹੀਂ ਮਿਲ ਰਿਹਾ ਸੀ। ਫਿਰ ਇਕ ਦਿਨ ਕੀ ਹੋਇਆ ਕਿ ਦੇਵਿਕਾ ਰਾਣੀ ਬਾਜ਼ਾਰ ਵਿਚ ਖਰੀਦਦਾਰੀ ਕਰਨ ਗਈ ਤਾਂ ਉਸ ਦੀ ਨਜ਼ਰ ਫ਼ਲ ਵੇਚ ਰਹੇ ਸ਼ਰਮਾਕਲ ਜਿਹੇ ਮੁੰਡੇ ’ਤੇ ਪਈ। ਜਿਸ ਵਿਚੋਂ ਉਸ ਨੂੰ ਸੁਪਰਸਟਾਰ ਨਜ਼ਰ ਆਇਆ। ਇਹ ਮੁੰਡਾ ਇਤਫਾਕਵੱਸ ਹੀ ਆਪਣੇ ਪਿਤਾ ਦੇ ਬਿਮਾਰ ਹੋਣ ਕਾਰਨ ਇਕ ਦਿਨ ਲਈ ਪਿਤਾ ਦੀ ਦੁਕਾਨ ’ਤੇ ਆਇਆ ਸੀ। ਦੇਵਿਕਾ ਰਾਣੀ ਜਿਨ੍ਹਾਂ ਨੂੰ ਹਿੰਦੀ ਸਿਨਮਾ ਦੀ ‘ਫਸਟ ਲੇਡੀ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਨੇ ਉਸ ਨੂੰ ਆਪਣੇ ਦਫ਼ਤਰ ਆਉਣ ਦਾ ਸੱਦਾ ਦਿੱਤਾ।
ਇਹ ਸ਼ਰਮਾਕਲ ਜਿਹਾ ਮੁੰਡਾ ਜਿਸ ਦਾ ਨਾਂ ਮੁਹੰਮਦ ਯੁਸੂਫ਼ ਖ਼ਾਨ ਸੀ, ਜਲਦੀ ਹੀ ਸਟੂਡੀਓ ਪਹੁੰਚ ਗਿਆ ਅਤੇ ‘ਦਿਲੀਪ ਕੁਮਾਰ’ ਬਣਕੇ ਹਿੰਦੀ ਸਿਨਮਾ ਦਾ ਪਹਿਲਾ ਸੁਪਰਸਟਾਰ ਕਹਾਇਆ। ਦੇਵਿਕਾ ਰਾਣੀ ਨੂੰ ਜਿਸ ਤਰ੍ਹਾਂ ਦੇ ਹੀਰੋ ਦੀ ਤਲਾਸ਼ ਸੀ, ਉਹ ਤਾਂ ਉਨ੍ਹਾਂ ਨੂੰ ਮਿਲ ਗਿਆ, ਪਰ ਉਨ੍ਹਾਂ ਨੂੰ ਜਿਸ ਤਰ੍ਹਾਂ ਦਾ ਹੀਰੋ ਚਾਹੀਦਾ ਸੀ, ਉਹ ਉਸ ਦੇ ਨਾਂ ਵਿਚ ਨਹੀਂ ਝਲਕਿਆ, ਇਸ ਲਈ ਉਸ ਅੱਗੇ ਤਿੰਨ ਨਾਂ ਰੱਖੇ ਗਏ ਦਿਲੀਪ ਕੁਮਾਰ, ਵਾਸੂਦੇਵ ਅਤੇ ਜਹਾਂਗੀਰ। ਜਿਸ ਵਿਚ ਦਿਲੀਪ ਕੁਮਾਰ ਦੇ ਨਾਂ ’ਤੇ ਮੋਹਰ ਲੱਗੀ ਅਤੇ ਫਿਰ ਲਗਭਗ ਛੇ ਦਹਾਕਿਆਂ ਤਕ ਯੁਸੂਫ਼ ਖ਼ਾਨ ਨੇ ਦਿਲੀਪ ਕੁਮਾਰ ਬਣਕੇ ਹਿੰਦੀ ਫ਼ਿਲਮ ਜਗਤ ’ਤੇ ਰਾਜ ਕੀਤਾ। ਦੂਜਾ ਕਾਰਨ ਇਹ ਵੀ ਸੀ ਕਿ ਆਜ਼ਾਦੀ ਤੋਂ ਪਹਿਲਾਂ ਦੇ ਭਾਰਤੀ ਸਿਨਮਾ ਵਿਚ ਮੁੱਖ ਤੌਰ ’ਤੇ ਹਿੰਦੂ ਅਦਾਕਾਰ ਮੁੱਖ ਭੂਮਿਕਾਵਾਂ ਵਿਚ ਸਨ। ਹਾਲਾਂਕਿ ਕੁਝ ਘੱਟ ਪ੍ਰੋਫਾਈਲ ਮੁਸਲਮਾਨ ਅਦਾਕਾਰ ਸਨ, ਪਰ ਚੋਟੀ ਦੇ ਬਾਕਸ ਆਫਿਸ ਸ਼੍ਰੇਣੀ ਦੇ ਸਾਰੇ ਅਦਾਕਾਰ ਹਿੰਦੂ ਸਨ ਜਾਂ ਫਿਰ ਪਾਰਸੀ। ਇਸ ਲਈ ਉਨ੍ਹਾਂ ਲਈ ਇਕ ਹਿੰਦੂ ਨਾਂ ਦੀ ਚੋਣ ਕੀਤੀ ਗਈ।
ਆਪਣੇ ਇਸ ਫ਼ਿਲਮੀ ਸਫ਼ਰ ’ਚ ਦਿਲੀਪ ਕੁਮਾਰ ਨੇ ਕੁੱਲ 63 ਫ਼ਿਲਮਾਂ ’ਚ ਕੰਮ ਕੀਤਾ। ਉਨ੍ਹਾਂ ਨੇ ਹਰ ਕਿਰਦਾਰ ’ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਕੇ ਹਿੰਦੀ ਸਿਨਮਾ ਵਿਚ ਅਦਾਕਾਰੀ ਨੂੰ ਇਕ ਨਵੀਂ ਪਰਿਭਾਸ਼ਾ ਦੇ ਕੇ ਦਰਸ਼ਕਾਂ ’ਤੇ ਅਮਿੱਟ ਛਾਪ ਛੱਡੀ। ਦੇਵਿਕਾ ਰਾਣੀ ਨਾਲ ਅਚਾਨਕ ਹੋਈ ਮੁਲਾਕਾਤ ਨੇ ਦਿਲੀਪ ਕੁਮਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜਿਸ ਨੇ ਹਿੰਦੀ ਸਿਨਮਾ ਨੂੰ ਯਾਦਗਾਰੀ ਫ਼ਿਲਮਾਂ ਅਤੇ ਭੂਮਿਕਾਵਾਂ ਦਿੱਤੀਆਂ।
ਜਿਸ ਤਰ੍ਹਾਂ ਦੀ ਤਿਆਰੀ ਨਾਲ ਦਿਲੀਪ ਕੁਮਾਰ ਨੂੰ ਪੇਸ਼ ਕੀਤਾ ਗਿਆ ਸੀ, ਉਨ੍ਹਾਂ ਦੀ ਪਹਿਲੀ ਫ਼ਿਲਮ ‘ਜਵਾਰ ਭਾਟਾ’ (1944) ਉਹ ਕਮਾਲ ਨਹੀਂ ਕਰ ਸਕੀ, ਪਰ ਦਿਲੀਪ ਕੁਮਾਰ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਤਿੰਨ ਸਾਲ ਬਾਅਦ ਮੁੜ ਤਿਆਰੀ ਨਾਲ ਫ਼ਿਲਮ ‘ਜੁਗਨੂੰ’ (1947) ਕੀਤੀ ਜਿਸ ਨੇ ਧੁੰਮਾਂ ਪਾ ਦਿੱਤੀਆਂ ਅਤੇ ਇਸ ਮਗਰੋਂ ਉਨ੍ਹਾਂ ਦੀ ਗੁੱਡੀ ਅੰਬਰ ਵਿਚ ਅਜਿਹੀ ਚੜ੍ਹੀ ਕਿ ਉਹ ਹਿੰਦੀ ਸਿਨਮਾ ਦੇ ਪਹਿਲੇ ਸੁਪਰ ਸਟਾਰ ਬਣੇ। ਉਨ੍ਹਾਂ ਨੂੰ ਭਾਰਤੀ ਫ਼ਿਲਮਾਂ ਦੇ ਸਰਬਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਇਲਾਵਾ ਉਨ੍ਹਾਂ ਨੂੰ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ 1991 ਵਿਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਅਤੇ 2010 ਵਿਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਦਿਲੀਪ ਕੁਮਾਰ ਵੱਲੋਂ ਨਿਭਾਈ ਹਰ ਭੂਮਿਕਾ ਯਾਦਗਾਰੀ ਸੀ, ਪਰ ਫ਼ਿਲਮ ‘ਮੁਗ਼ਲ-ਏ-ਆਜ਼ਮ’ ਵਿਚ ਉਨ੍ਹਾਂ ਦਾ ਚਰਿੱਤਰ ਖ਼ਾਸਾ ਅਸਰਦਾਰ ਸੀ। ‘ਮੁਗ਼ਲ-ਏ-ਆਜ਼ਮ’ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਜਿਸ ਫ਼ਿਲਮ ਤੋਂ ਮਿਲੀ ਉਹ ਸੀ- ‘ਗੰਗਾ ਜਮੁਨਾ’। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਨੂੰ ਅੱਠ ਫ਼ਿਲਮਾਂ ਲਈ ਸਰਬੋਤਮ ਅਦਾਕਾਰ ਦੇ ਫ਼ਿਲਮਫੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਅਦਾਕਾਰੀ ਦੇ ਰਾਜ ਕਪੂਰ ਵੀ ਕਾਇਲ ਸਨ। ਰਾਜ ਕਪੂਰ, ਦੇਵ ਆਨੰਦ ਅਤੇ ਦਿਲੀਪ ਕੁਮਾਰ ਨੂੰ ਫ਼ਿਲਮ ਸਨਅੱਤ ਵਿਚ ਸੁਨਹਿਰੀ ਤਿੱਕੜੀ’ ਵਜੋਂ ਜਾਣਿਆ ਜਾਂਦਾ ਸੀ।
ਫਿਰ ਇਕ ਅਜਿਹਾ ਦੌਰ ਆਇਆ ਕਿ ਤ੍ਰਾਸਦੀ ਭਰਪੂਰ ਫ਼ਿਲਮਾਂ ਵਿਚ ਲਗਾਤਾਰ ਅਦਾਕਾਰੀ ਕਰਨ ਕਰਕੇ ਉਨ੍ਹਾਂ ਨੂੰ ਹਿੰਦੀ ਸਿਨਮਾ ਦਾ ‘ਟ੍ਰੈਜਿਡੀ ਕਿੰਗ’ ਕਰਕੇ ਜਾਣਿਆ ਜਾਣ ਲੱਗਾ। ਉਸ ਦੌਰ ਵਿਚ ਲਗਭਗ ਹਰ ਫ਼ਿਲਮ ਵਿਚ ਦੁਖਾਂਤਕ ਕਿਰਦਾਰ ਨਿਭਾਉਣ ਦਾ ਅਸਰ ਇਹ ਹੋਇਆ ਕਿ ਉਹ ਡਿਪਰੈਸ਼ਨ ਵਿਚ ਚਲੇ ਗਏ ਜਿਸ ਕਾਰਨ ਡਾਕਟਰੀ ਇਲਾਜ ਕਰਾਉਣਾ ਪਿਆ। ਡਾਕਟਰਾਂ ਵੱਲੋਂ ਫਿਰ ਉਨ੍ਹਾਂ ਨੂੰ ਆਪਣਾ ਰੁਖ਼ ਕਾਮੇਡੀ ਫ਼ਿਲਮਾਂ ਵੱਲ ਕਰਨ ਦਾ ਸੁਝਾਅ ਦਿੱਤਾ ਗਿਆ। ਫਿਰ ਉਨ੍ਹਾਂ ਨੇ ‘ਕੋਹੇਨੂਰ’, ‘ਆਜ਼ਾਦ’ ਅਤੇ ‘ਰਾਮ ਔਰ ਸ਼ਿਆਮ’ ਵਰਗੀਆਂ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚ ਦੁਖਾਂਤਕ ਦ੍ਰਿਸ਼ ਘੱਟ ਅਤੇ ਕਾਮੇਡੀ ਜ਼ਿਆਦਾ ਸੀ।
ਉਨ੍ਹਾਂ ਦੀ ਪਤਨੀ ਅਭਿਨੇਤਰੀ ਸਾਇਰਾ ਬਾਨੋ ਦੀ ਦਿਲੀ ਇੱਛਾ ਸੀ ਕਿ ਉਹ ਆਪਣੀ ਸਵੈਜੀਵਨ ਲਿਖਣ, ਪਰ ਉਨ੍ਹਾਂ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ, ਪਰ ਜਦੋਂ ਇਕ ਜੀਵਨੀ ਵਿਚ ਆਪਣੇ ਬਾਰੇ ਲਿਖੇ ਗ਼ਲਤ ਤੱਥਾਂ ਨੂੰ ਪੜ੍ਹਿਆ ਤਾਂ ਉਹ ਭੜਕ ਗਏ ਅਤੇ ਪੱਤਰਕਾਰ ਉਦੇ ਤਾਰਾ ਨਾਇਰ ਦੇ ਸਹਿਯੋਗ ਨਾਲ ਇਕ ਸਾਧਾਰਨ ਲੜਕੇ ਤੋਂ ਸੁਪਰਸਟਾਰ ਬਣਨ ਤਕ ਦੇ ਸਫ਼ਰ ਨੂੰ ‘ਦਿਲੀਪ ਕੁਮਾਰ: ਦਿ ਸਬਸਟੈਂਸ ਐਂਡ ਦਿ ਸ਼ੈਡੋ’ ਵਿਚ ਸੰਜੋਇਆ।
ਇਸ ਕ੍ਰਿਸ਼ਮਈ ਅਦਾਕਾਰ ਦਾ ਚਲੇ ਜਾਣਾ ਹਿੰਦੀ ਸਿਨਮਾ ਅਤੇ ਸਿਨਮਾ ਪ੍ਰੇਮੀਆਂ ਲਈ ਬਹੁਤ ਦੁਖਦਾਈ ਹੈ, ਪਰ ਉਨ੍ਹਾਂ ਦੀ ਅਦਾਕਾਰੀ ਨਾਲ ਸਜੀਆਂ ਫ਼ਿਲਮਾਂ ਅਮਰ ਰਹਿਣਗੀਆਂ ਜੋ ਰਹਿੰਦੀ ਦੁਨੀਆ ਤਕ ਨਵੇਂ ਕਲਾਕਾਰਾਂ ਲਈ ਜਿੱਥੇ ਪ੍ਰੇਰਣਾ ਦਾ ਸਰੋਤ ਬਣਨਗੀਆਂ, ਉੱਥੇ ਕਲਾ ਦੇ ਪਾਰਖੂਆਂ ਦਾ ਵੀ ਚਾਨਣ ਮੁਨਾਰਾ ਬਣੀਆਂ ਰਹਿਣਗੀਆਂ। ਦਿਲੀਪ ਕੁਮਾਰ ਬਾਰੇ ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਬਿਲਕੁਲ ਸੱਚ ਕਿਹਾ ਹੈ ਕਿ ਜਦੋਂ ਹਿੰਦੀ ਸਿਨਮਾ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਸ ਦੇ ਦੋ ਹਿੱਸੇ ਹੋਣਗੇ ‘ਦਿਲੀਪ ਕੁਮਾਰ ਤੋਂ ਪਹਿਲਾਂ ਦਾ ਹਿੰਦੀ ਸਿਨਮਾ’ ਅਤੇ ‘ਦਿਲੀਪ ਕੁਮਾਰ ਤੋਂ ਬਾਅਦ ਦਾ ਹਿੰਦੀ ਸਿਨਮਾ’।
ਜਦੋਂ ਨਵਾਜ਼ ਸ਼ਰੀਫ਼ ’ਤੇ ਔਖੇ ਹੋਏ ਦਿਲੀਪ ਕੁਮਾਰ
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨੇ ਆਪਣੀ ਸਵੈ-ਜੀਵਨੀ ‘ਨੀਦਰ ਏ ਹੋਕ ਨੋਰ ਏ ਡਵ’ ’ਚ ਦਿਲੀਪ ਕੁਮਾਰ ਦੀ ਦਲੇਰੀ ਦਾ ਜ਼ਿਕਰ ਕੀਤਾ ਹੈ। ਜਦੋਂ ਪਾਕਿਤਸਾਨ ਨੇ 1999 ਵਿਚ ਕਾਰਗਿਲ ’ਤੇ ਹਮਲਾ ਕੀਤਾ, ਇਹ ਘਟਨਾ ਉਦੋਂ ਦੀ ਹੈ। ਇਸ ਸਬੰਧੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਨਵਾਜ਼ ਸ਼ਰੀਫ ਨੂੰ ਇਸ ਸਬੰਧੀ ਸ਼ਿਕਵੇ ਨਾਲ ਫੋਨ ਕੀਤਾ ਤਾਂ ਵਾਜਪਈ ਨੇ ਉਨ੍ਹਾਂ ਨੂੰ ਕਿਹਾ, ‘‘ਇਕ ਪਾਸੇ ਤੁਸੀਂ ਲਾਹੌਰ ‘ਚ ਸਾਡਾ ਨਿੱਘਾ ਸਵਾਗਤ ਕਰ ਰਹੇ ਸੀ, ਦੂਜੇ ਪਾਸੇ ਤੁਹਾਡੀ ਫ਼ੌਜ ਕਾਰਗਿਲ ’ਚ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਰਹੀ ਸੀ।’’ ਇਸ ਸਬੰਧੀ ਨਵਾਜ਼ ਸ਼ਰੀਫ ਨੇ ਅਣਜਾਣਤਾ ਪ੍ਰਗਟਾਈ ਅਤੇ ਆਪਣੇ ਫ਼ੌਜ ਮੁਖੀ ਨਾਲ ਮਸਲੇ ਬਾਰੇ ਗੱਲ ਕਰਕੇ ਉਨ੍ਹਾਂ ਨਾਲ ਦੁਬਾਰਾ ਗੱਲ ਕਰਨ ਲਈ ਕਿਹਾ। ਖੁਰਸ਼ੀਦ ਮਹਿਮੂਦ ਕਸੂਰੀ ਨੇ ਲਿਖਿਆ, “ਟੈਲੀਫੋਨ ’ਤੇ ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਵਾਜਪਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇਕ ਸੱਜਣ ਨਾਲ ਗੱਲ ਕਰੋ ਜੋ ਸਾਡੀ ਪੂਰੀ ਗੱਲਬਾਤ ਸੁਣ ਰਿਹਾ ਹੈ।’’ ਵਾਜਪਈ ਨੇ ਜਿਸ ਵਿਅਕਤੀ ਦਾ ਜ਼ਿਕਰ ਕੀਤਾ ਸੀ, ਉਹ ਕੋਈ ਹੋਰ ਨਹੀਂ ਬਲਕਿ ਹਿੰਦੀ ਸਿਨਮਾ ਦੀ ਮਹਾਨ ਸ਼ਖ਼ਸੀਅਤ ਦਿਲੀਪ ਕੁਮਾਰ ਸਨ ਜੋ ਜਿੰਨੇ ਭਾਰਤ ਵਿਚ ਪਸੰਦ ਕੀਤੇ ਜਾਂਦੇ ਸਨ, ਓਨੇ ਹੀ ਪਾਕਿਸਤਾਨ ਵਿਚ ਵੀ।
ਕਾਰਗਿਲ ਹਮਲੇ ਕਾਰਨ ਭਾਰਤੀ ਮੁਸਲਮਾਨਾਂ ਦੀ ਸਥਿਤੀ ’ਤੇ ਫ਼ਿਕਰਮੰਦ ਹੁੰਦਿਆਂ ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ ਨੂੰ ਕਿਹਾ, ‘‘ਮੀਆਂ ਸਾਹਬ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਸ਼ਾਇਦ ਤੁਸੀਂ ਇਸ ਗੱਲੋਂ ਵਾਕਫ਼ ਨਹੀਂ ਹੋ ਕੇ ਜਦੋਂ ਵੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਹੁੰਦਾ ਹੈ, ਭਾਰਤੀ ਮੁਸਲਮਾਨਾਂ ਦੀ ਸਥਿਤੀ ਬਦਤਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਥਿਤੀ ਨੂੰ ਕਾਬੂ ’ਚ ਕਰੋ।’’
ਉਹ ਫ਼ਿਲਮਾਂ ਜਿਨ੍ਹਾਂ ਲਈ ਦਿਲੀਪ ਕੁਮਾਰ ਨੂੰ ਸਰਬੋਤਮ ਅਦਾਕਾਰ ਦਾ ਫ਼ਿਲਮਫੇਅਰ ਐਵਾਰਡ ਮਿਲਿਆ
ਦਾਗ (1953) : ਨਿਰਮਾਤਾ ਤੇ ਨਿਰਦੇਸ਼ਕ ਅਮਿਆ ਚਕਰਵਰਤੀ ਦੀ ਫ਼ਿਲਮ ‘ਦਾਗ’ ਵਿਚ ਦਿਲੀਪ ਕੁਮਾਰ ਨੇ ਸ਼ੰਕਰ ਦਾ ਕਿਰਦਾਰ ਨਿਭਾਇਆ ਸੀ। ਇਸ ਲਈ ਦਿਲੀਪ ਕੁਮਾਰ ਨੂੰ ਬਿਹਤਰੀਨ ਅਦਾਕਾਰ ਲਈ ਪਹਿਲਾ ਫ਼ਿਲਮਫੇਅਰ ਐਵਾਰਡ ਮਿਲਿਆ ਸੀ।
ਆਜ਼ਾਦ (1955) : ਨਿਰਮਾਤਾ ਤੇ ਨਿਰਦੇਸ਼ਕ ਐੱਸ. ਐੱਮ. ਸ਼੍ਰੀਰਾਮੁਲੂ ਦੀ ਫ਼ਿਲਮ ‘ਆਜ਼ਾਦ’ ਮੋਟੀ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਸੀ ਅਤੇ ਦਹਾਕੇ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸਾਬਤ ਹੋਈ ਸੀ। ਇਸ ਵਿਚ ਅਭਿਨੇਤਰੀ ਮੀਨਾ ਕੁਮਾਰੀ ਸੀ।
ਦੇਵਦਾਸ (1956) : ਇਹ ਫਿਲਮ ਸ਼ਰਤ ਚੰਦਰ ਚੱਟੋਪਾਧਿਆਏ ਦੇ ਨਾਵਲ ‘ਦੇਵਦਾਸ’ ’ਤੇ ਆਧਾਰਿਤ ਸੀ। ਭਾਵਨਾਤਮਕ ਤੌਰ ’ਤੇ ਟੁੱਟੇ ਹੋਏ ਵਿਅਕਤੀ ਦੇ ਚਿਤਰਣ ਵਿਚ ਦਿਲੀਪ ਕੁਮਾਰ ਨੇ ਕਮਾਲ ਕਰ ਦਿੱਤੀ ਸੀ।
ਬਿਮਲ ਰਾਏ ਦੇ ਨਿਰਦੇਸ਼ਨ ਵਿਚ ਬਣੀ ਇਸ ਫ਼ਿਲਮ ਵਿਚ ਵੈਜੰਤੀਮਾਲਾ ਅਤੇ ਸੁਚਿੱਤਰਾ ਸੇਨ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਈਆਂ।
ਨਯਾ ਦੌਰ (1957) : ਨਿਰਮਾਤਾ ਤੇ ਨਿਰਦੇਸ਼ਕ ਬੀ.ਆਰ. ਚੋਪੜਾ ਦੀ ਫ਼ਿਲਮ ‘ਨਯਾ ਦੌਰ’ ਵਿਚ ਦਿਲੀਪ ਕੁਮਾਰ ਅਤੇ ਵੈਜੰਤੀਮਾਲਾ ਮੁੱਖ ਭੂਮਿਕਾ ਵਿਚ ਸਨ ਅਤੇ ਸਹਿ ਅਦਾਕਾਰਾਂ ਵਿਚ ਅਜੀਤ ਅਤੇ ਜੀਵਨ ਸਨ। ਇਹ ਫ਼ਿਲਮ ‘ਨਿਊ ਇੰਡੀਆ’ ਅਤੇ ਇਸ ਦੇ ਬਦਲਦੇ ਤੌਰ ਤਰੀਕਿਆਂ ’ਤੇ ਆਧਾਰਿਤ ਸੀ।
ਕੋਹਿਨੂਰ (1960) : ਡਾ. ਵੀ. ਐੱਨ. ਸਿਨਹਾ ਵੱਲੋਂ ਨਿਰਮਤ ਅਤੇ ਐੱਸ.ਯੂ. ਸਨੀ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਸਾਹਸ ਪ੍ਰਧਾਨ ਸੀ। ਫ਼ਿਲਮ ਵਿਚ ਦਿਲੀਪ ਕੁਮਾਰ ਨਾਲ ਮੀਨਾ ਕੁਮਾਰੀ ਸੀ। ਫ਼ਿਲਮ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ।
ਲੀਡਰ (1964) : ‘ਲੀਡਰ’ 1964 ਦੀ ਰਾਜਨੀਤਕ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਮਾਣ ਸ਼ਸ਼ਾਧਰ ਮੁਖਰਜੀ ਅਤੇ ਨਿਰਦੇਸ਼ਨ ਰਾਮ ਮੁਖਰਜੀ ਨੇ ਕੀਤਾ ਸੀ। ਇਸ ਦੀ ਕਹਾਣੀ ਦਿਲੀਪ ਕੁਮਾਰ ਵੱਲੋਂ ਲਿਖੀ ਗਈ ਸੀ। ਫ਼ਿਲਮ ਵਿਚ ਦਿਲੀਪ ਕੁਮਾਰ ਤੇ ਵੈਜੰਤੀਮਾਲਾ ਮੁੱਖ ਭੂਮਿਕਾਵਾਂ ਵਿਚ ਸਨ।
ਰਾਮ ਔਰ ਸ਼ਾਮ (1967) : ਇਸ ਕਾਮੇਡੀ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਤਾਪੀ ਚਾਣਕਿਆ ਨੇ ਕੀਤਾ ਸੀ। ਦੁਖਦਾਈ ਭੂਮਿਕਾਵਾਂ ਤੋਂ ਹਟ ਕੇ ਦਿਲੀਪ ਕੁਮਾਰ ਨੇ ਇਸ ਫ਼ਿਲਮ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਦਿਲੀਪ ਕੁਮਾਰ ਦੀ ਇਸ ਵਿਚ ਜੁੜਵੇ ਭਰਾਵਾਂ ਦੀ ਦੋਹਰੀ ਭੂਮਿਕਾ ਸੀ। ਉਨ੍ਹਾਂ ਤੋਂ ਇਲਾਵਾ ਇਸ ਵਿਚ ਵਹੀਦਾ ਰਹਿਮਾਨ ਅਤੇ ਮੁਮਤਾਜ਼ ਸਨ।
ਸ਼ਕਤੀ (1982) : ਰਮੇਸ਼ ਸਿੱਪੀ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿਚ ਦਿਲੀਪ ਕੁਮਾਰ ਅਤੇ ਅਮਿਤਾਭ ਬੱਚਨ ਪਹਿਲੀ ਤੇ ਆਖਰੀ ਵਾਰ ਇਕੱਠੇ ਨਜ਼ਰ ਆਏ ਸਨ। ਇਸ ਨੂੰ ਹਿੰਦੀ ਸਿਨਮਾ ਦੇ ਇਤਿਹਾਸ ਵਿਚ ਸਰਬੋਤਮ ਫ਼ਿਲਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਵਿਚ ਰਾਖੀ ਗੁਲਜ਼ਾਰ, ਸਮਿਤਾ ਪਾਟਿਲ, ਕੁਲਭੂਸ਼ਣ ਖਰਬੰਦਾ ਅਤੇ ਅਮਰੀਸ਼ ਪੁਰੀ ਵੀ ਅਹਿਮ ਭੂਮਿਕਾਵਾਂ ਵਿਚ ਸਨ।