ਨਵੀਂ ਦਿੱਲੀ, 10 ਜੁਲਾਈ
ਇਸ ਵੇਲੇ ਕਰੋਨਾ ਦੀ ਦੂਜੀ ਲਹਿਰ ਭਾਵੇਂ ਘੱਟ ਗਈ ਹੈ ਪਰ ਸੈਲਾਨੀ ਕੇਂਦਰਾਂ ’ਤੇ ਲੋਕਾਂ ਦੀ ਭੀੜ ਨੇ ਸਿਹਤ ਵਿਭਾਗ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਖਾਸ ਕਰ ਪਹਾੜੀ ਸਥਾਨਾਂ ਵੱਲ ਲੋਕ ਵੱਡੀ ਗਿਣਤੀ ਵਿਚ ਜਾ ਰਹੇ ਹਨ ਜਿਸ ਕਾਰਨ ਅੱਜ ਕੇਂਦਰੀ ਅਧਿਕਾਰੀਆਂ ਨੇ ਰਾਜ ਦੇ ਅਧਿਕਾਰੀਆਂ ਨਾਲ ਕਰੋਨਾ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਤੇ ਰਾਜਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਸੈਲਾਨੀ ਕੇਂਦਰਾਂ ਵਿਚ ਕਰੋਨਾ ਨਿਯਮਾਂ ਦਾ ਪਾਲਣ ਕਰਵਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਣ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਗੋਆ, ਹਿਮਾਚਲ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਉਤਰਾਖੰਡ ਤੇ ਪੱਛਮੀ ਬੰਗਾਲ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਰਾਜਾਂ ਨੂੰ ਕਿਹਾ ਕਿ ਉਹ ਕਰੋਨਾ ਕੇਸਾਂ ਦੀ ਜਾਂਚ ਕਰਨ ਦਾ ਦਾਇਰਾ ਵਧਾਉਣ ਤੇ ਟੀਕਾਕਰਨ ’ਤੇ ਜ਼ੋਰ ਦੇਣ।