ਦਵਿੰਦਰ ਸਿੰਘ
ਯਮੁਨਾਨਗਰ, 10 ਜੁਲਾਈ
ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪੈਟਰੋਲੀਅਮ ਪਦਾਰਥਾਂ ਦੇ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਮਹਿੰਗਾਈ ਦੇ ਮੁੱਦੇ ’ਤੇ ਸਾਈਕਲ ਮਾਰਚ ਕੱਢਿਆ ਗਿਆ। ਇਹ ਸਾਈਕਲ ਮਾਰਚ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਜਾ ਕੇ ਸਮਾਪਤ ਹੋਇਆ। ਇਸ ਮੌਕੇ ਸਢੌਰਾ ਦੇ ਸਾਬਕਾ ਵਿਧਾਇਕ, ਰੇਣੂਬਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕਾਕਾ, ਸੰਦੀਪ ਰਾਣਾ, ਮੋਹਨ ਵਰਮਾ, ਟੀਪੀ ਸਿੰਘ, ਹਰਬੰਸ ਬਾਲੀ, ਚੇਤਨ ਬਖਸ਼ੀ, ਲਵਲੀ ਵਧਾਵਨ, ਪਵਨ ਚੋਪੜਾ, ਵਸੀਮ ਦਾਊਦੀ, ਸੁਰੇਸ਼ ਢਾਂਡਾ ਅਤੇ ਹੋਰ ਕਾਂਗਰਸੀ ਨੇਤਾ ਤੇ ਵਰਕਰ ਮੌਜੂਦ ਸਨ।
ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਪੈਟਰੋਲ, ਡੀਜ਼ਲ ਤੇ ਐਲਪੀਜੀ ਦੀਆਂ ਵਧੀਆਂ ਕੀਮਤਾਂ ਅਤੇ ਮਹਿੰਗਾਈ ਦੇ ਵਿਰੋਧ ਵਿੱਚ ਕਾਂਗਰਸੀਆਂ ਨੇ ਸਾਈਕਲ ਮਾਰਚ ਕੱਢਿਆ। ਸਾਬਕਾ ਮੰਤਰੀ ਅਸ਼ੋਕ ਅਰੋੜਾ ਅਤੇ ਲਾਡਵਾ ਤੋਂ ਵਿਧਾਇਕ ਮੇਵਾ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਜਾਟ ਧਰਮਸ਼ਾਲਾ ਵਿੱਚ ਇਕੱਠੇ ਹੋਏ ਅਤੇ ਇੱਥੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਅੰਬੇਡਕਰ ਚੌਕ ਤੱਕ ਸਾਈਕਲ ਯਾਤਰਾ ਕੀਤੀ।
ਮੁਜ਼ਾਹਰਾਕਾਰੀ ਕਾਂਗਰਸੀਆਂ ਨੇ ਆਪਣੇ ਸਾਈਕਲਾਂ ’ਤੇ ਪਾਰਟੀ ਦੇ ਝੰਡੇ ਅਤੇ ਮਹਿੰਗਾਈ ਵਿਰੋਧੀ ਨਾਅਰੇੇ ਲਿਖੀਆਂ ਤਖਤੀਆਂ ਲਗਾਈਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਨੇ ਮਹਿੰਗਾਈ ਦੇ ਵਿਰੋਧ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਦੇਸ਼ ਵਿੱਚ ਵਧ ਰਹੀ ਮਹਿੰਗਾਈ ਕਾਰਨ ਆਮ ਆਦਮੀ ਲਈ 2 ਵਖ਼ਤ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੋ ਗਿਆ ਹੈ।
ਲਾਡਵਾ ਤੋਂ ਵਿਧਾਇਕ ਮੇਵਾ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਮਹਿੰਗਾਈ ਖ਼ਿਲਾਫ਼ ਸਾਈਕਲ ਯਾਤਰਾ ਕੱਢੀ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਦੇ ਵਾਧੇ ਕਾਰਨ ਲੋਕ ਪ੍ਰੇਸ਼ਾਨ ਹਨ। ਮੇਵਾ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।
ਤੇਲ ਅਤੇ ਗੈਸ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਹਰਿਆਣਾ ਕਾਂਗਰਸ ਵੱਲੋਂ ਮੁਜ਼ਾਹਰੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਨਿੱਤ ਹੋ ਰਹੇ ਵਾਧੇ ਖ਼ਿਲਾਫ਼ ਹਰਿਆਣਾ ਕਾਂਗਰਸ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਕਾਂਗਰਸ ਨੇ ਮਹਿੰਗਾਈ ਦੇ ਖ਼ਿਲਾਫ਼ ਸਾਈਕਲ ਚਲਾ ਕੇ, ਗੈਸ ਸਿਲੰਡਰ ਸੜਕਾਂ ’ਤੇ ਰੱਖ ਕੇ ਧਰਨੇ ਦਿੱਤੇ। ਹਰਿਆਣਾ ਕਾਂਗਰਸ ਦੇ ਪ੍ਰਭਾਰੀ ਵਿਵੇਕ ਬਾਂਸਲ ਨੇ ਚਰਖੀ ਦਾਦਰੀ ਵਿੱਚ ਧਰਨੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਤੇਲ ਅਤੇ ਗੈਸ ਕੀਮਤਾਂ ਵਿੱਚ ਹੋ ਰਹੇ ਵਾਧੇ ਕਰਕੇ ਹਰ ਖੇਤਰ ਵਿੱਚ ਮਹਿੰਗਾਈ ਵਧਦੀ ਜਾ ਰਹੀ ਹੈ। ਲੋਕਾਂ ਨੂੰ ਜਿਉਣਾ ਮੁਸ਼ਕਿਲ ਹੋ ਗਿਆ ਹੈ ਪਰ ਕੇਂਦਰ ਸਰਕਾਰ ਲੋਕਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਹੈ। ਕੇਂਦਰ ਦੀ ਲੋਕ ਵਿਰੋਧੀ ਨੀਤੀਆਂ ਕਰਕੇ ਲੋਕ ਕੇਂਦਰ ਸਰਕਾਰ ਨੂੰ ਅਰਸ਼ ਤੋਂ ਫਰਸ਼ ’ਤੇ ਲਿਆਉਣਗੇ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਸਾਰੇ ਦੇਸ਼ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਪ੍ਰਧਾਨ ਮੰਤਰੀ ਨੂੰ ਜਨਤਾ ਦੀਆਂ ਮੁਸ਼ਕਿਲਾਂ ਦਿਖਾਈ ਨਹੀਂ ਦੇ ਰਹੀਆਂ। ਦੂਜੇ ਪਾਸੇ ਕਰੋਨਾਵਾਇਰਸ ਦੌਰਾਨ ਕੇਂਦਰ ਸਰਕਾਰ ਕਰੋਨਾ ਪ੍ਰਬੰਧਾ ਅਤੇ ਕਰੋਨਾ ਰੋਕੂ ਟੀਕੇ ਦਾ ਪ੍ਰਬੰਧ ਕਰਨ ’ਚ ਫੇਲ੍ਹ ਰਹੀ ਹੈ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਮਹਿੰਗਾਈ, ਗਰੀਬੀ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਜਨਤਾ ਦੀ ਆਵਾਜ਼ ਬਣੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਹੁਣ ਨਾਲੋਂ ਵਧੇਰੇ ਜ਼ਿਆਦਾ ਸੀ ਤਾਂ ਵੀ ਕਾਂਗਰਸ ਨੇ ਤੇਲ ਦੀਆਂ ਕੀਮਤਾਂ ਹੁਣ ਦੇ ਮੁਕਾਬਲੇ ਵਧਣ ਨਹੀਂ ਦਿੱਤੀਆਂ। ਅੱਜ ਕੱਚੇ ਤੇਲ ਦੀਆਂ ਕੀਮਤਾਂ ਘੱਟਦੀਆਂ ਜਾ ਰਹੀਆਂ ਹਨ ਪਰ ਤੇਲ ਦਾ ਰੇਟ ਵੱਧ ਰਿਹਾ ਹੈ। ਕਾਂਗਰਸੀ ਵਿਧਾਇਕ ਕਿਰਨ ਚੌਧਰੀ ਨੇ ਕਿਹਾ ਕਿ ਮਹਿੰਗਾਈ ਖ਼ਿਲਾਫ਼ ਸੜਕਾਂ ’ਤੇ ਲੋਕਾਂ ਦਾ ਇਕੱਠ ਦਸਦਾ ਹੈ ਕਿ ਲੋਕ ਮਹਿੰਗਾਈ ਤੋਂ ਕਿੰਨੇ ਕੁ ਦੁਖੀ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੀ ਮੌਜ ਮਸਤੀ ਨੂੰ ਛੱਡਦੇ ਹੋਏ ਲੋਕਾਂ ਦੀ ਆਵਾਜ਼ ਸੁਨਣ ਅਤੇ ਮਹਿੰਗਾਈ ਨੂੰ ਘਟਾਉਣ।