ਰਵਿੰਦਰ ਰਵੀ
ਬਰਨਾਲਾ, 10 ਜੁਲਾਈ
ਪਿੰਡ ਕਾਲੇਕੇ ਨੇੜੇ ਲੰਘੀ ਰਾਤ ਇੱਕ ਕਾਰ ਤੇ ਟਰੈਕਟਰ ਦੀ ਟੱਕਰ ਕਾਰਨ 8 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪਿੰਡ ਵਾਸੀਆਂ ਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਭੀਖੀ ਰੋਡ ਜਾਮ ਕਰ ਕੇ ਧਰਨਾ ਲਗਾ ਦਿੱਤਾ। ਇਸ ਸਬੰਧੀ ਸੁਖਜਿੰਦਰ ਸਿੰਘ ਕਾਲੇਕੇ ਨੇ ਦੱਸਿਆ ਕਿ ਪਿੰਡ ਦੇ ਵਿਅਕਤੀ ਲੈਂਟਰ ਪਾ ਕੇ ਟਰੈਕਟਰ ਤੇ ਮਿਕਸਰ ਸਮੇਤ ਵਾਪਸ ਪਿੰਡ ਵਾਪਸ ਆ ਰਹੇ ਸਨ ਕਿ ਕਰੀਬ ਸਵਾ 9 ਵਜੇ ਰਾਤ ਪਿੰਡ ਕਾਲੇਕੇ ਨਜ਼ਦੀਕ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ’ਤੇ ਸਾਰੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਦੇ ਕੇ ਜ਼ਖਮੀਆਂ ਨੂੰ ਜ਼ਿਲ੍ਹਾ ਸਰਕਾਰੀ ਹਸਪਤਾਲ ਬਰਨਾਲਾ ਰੈਫ਼ਰ ਕਰ ਦਿੱਤਾ ਗਿਆ ਜਿੱਥੇ 3 ਦੀ ਹਾਲਤ ਕਾਫ਼ੀ ਗੰਭੀਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਟਰੈਕਟਰ ਸਵਾਰ ਜ਼ਖਮੀ ਦਿਹਾੜੀ ਕਰ ਕੇ ਗੁਜ਼ਾਰਾ ਚਲਾਉਂਦੇ ਹਨ। ਧਰਨਾਕਾਰੀਆਂ ਵੱਲੋਂ ਕਾਰ ਵਾਲੇ ਤੋਂ ਜ਼ਖਮੀਆਂ ਦਾ ਇਲਾਜ ਤੇ ਟਰੈਕਟਰ ਦੇ ਨੁਕਸਾਨ ਭਰਪਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਾਰ ਵਾਲਾ ਪੁਲੀਸ ਕਾਰਵਾਈ ’ਤੇ ਅੜਿਆ ਹੋਇਆ ਹੈ। ਸਬ-ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਬਿਆਨ ਲਿਖਵਾਉਣ ਬਾਰੇ ਕਿਹਾ ਹੈ ਤਾਂ ਜੋ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇੇ ਪਰ ਧਰਨਾਕਾਰੀ ਤੇ ਪਰਿਵਾਰਕ ਮੈਂਬਰ ਇਲਾਜ ’ਤੇ ਟਰੈਕਟਰ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਕਰ ਰਹੇ ਹਨ।