ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 10 ਜੁਲਾਈ
ਇੱਥੋਂ ਦੀ ਕੇਂਦਰੀ ਜੇਲ੍ਹ ਅੰਦਰੋਂ ਜੇਲ੍ਹ ਅਧਿਕਾਰੀਆਂ ਨੇ ਗਿਆਰਾਂ ਮੋਬਾਈਲ, ਇੱਕ ਬੈਟਰੀ, ਇੱਕ ਡਾਟਾ ਕੇਬਲ, ਚਾਰ ਹੈੱਡ ਫ਼ੋਨ ਅਤੇ ਪੰਦਰਾਂ ਪੁੜੀਆਂ ਤੰਬਾਕੂ ਬਰਾਮਦ ਕੀਤੀਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦੀ ਸ਼ਿਕਾਇਤ ਤੇ ਹਵਾਲਾਤੀ ਰਾਜਬੀਰ ਸਿੰਘ ਵਾਸੀ ਹਰੀਕੇ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਲ੍ਹ ਅਧਿਕਾਰੀ ਨੇ ਪੁਲੀਸ ਨੂੰ ਦੱਸਿਆ ਕਿ ਲੰਘੇ ਕੱਲ੍ਹ ਜਦੋਂ ਬੈਰਕ ਨੰਬਰ 4 ਵਿੱਚ ਬੰਦ ਹਵਾਲਾਤੀ ਰਾਜਬੀਰ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਈਲ ਤੇ ਸਿਮ ਕਾਰਡ ਬਰਾਮਦ ਹੋਇਆ ਅਤੇ ਇਸੇ ਹੀ ਬੈਰਕ ਦੇ ਬਾਹਰ ਵਿਹੜੇ ਵਿੱਚ ਬਣੀ ਭੱਠੀ ਵਿਚੋਂ ਤੰਬਾਕੂ, ਇੱਕ ਵੱਖਰੇ ਮੋਬਾਈਲ ਦੀ ਬੈਟਰੀ, ਡਾਟਾ ਕੇਬਲ ਲਾਵਾਰਸ ਬਰਾਮਦ ਹੋਈ। ਇਸੇ ਤਰ੍ਹਾਂ ਬੈਰਕ ਨੰਬਰ ਤਿੰਨ ਦੇ ਬਾਹਰੋਂ ਖੱਡੇ ਵਿੱਚੋਂ ਇੱਕ ਮੋਬਾਈਲ, ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। ਇਸ ਸਬੰਧੀ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਜੇਲ੍ਹ ਅੰਦਰ ਬਣੇ ਹਸਪਤਾਲ ਦੇ ਮਗਰ ਬਣੀ ਬਗੀਚੀ ਵਿੱਚੋਂ ਇੱਕ ਕਾਲੇ ਰੰਗ ਦਾ ਪੈਕਟ ਬਰਾਮਦ ਹੋਇਆ ਜਿਸਨੂੰ ਖੋਲ੍ਹਣ ਤੇ ਉਸ ਵਿੱਚੋਂ ਨੌਂ ਮੋਬਾਈਲ, ਚਾਰ ਹੈੱਡ ਫ਼ੋਨ ਤੇ ਚੌਦਾਂ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਡਿਊਟੀ ਦੇ ਰਹੇ ਹੋਮਗਾਰਡ ਦੇ ਜਵਾਨ ਨੇ ਜੇਲ੍ਹ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਪੈਕਟ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਸੁੱਟਿਆ ਗਿਆ ਹੈ।