ਲਖਨਪਾਲ ਸਿੰਘ/ ਰਾਜਨ ਮਾਨ
ਮਜੀਠਾ, 10 ਜੁਲਾਈ
ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ’ਚ ਸ਼ਾਮਲ ਜਥੇਬੰਦੀਆਂ ਵਲੋਂ ਕੱਥੂਨੰਗਲ ਟੌਲ ਪਲਾਜ਼ਾ ’ਤੇ ਨੈਸ਼ਨਲ ਹਾਈਵੇਅ ਅੰਮ੍ਰਿਤਸਰ-ਪਠਾਨਕੋਟ ਸਵੇਰ 10 ਤੋਂ 4 ਵਜੇ ਤੱੱਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਵੱਖ ਵੱਖ ਆਗੂਆਂ ਵਰਿੰਦਰ ਸਿੰਘ ਮੋਮੀ, ਬਲਜੀਤ ਸਿੰਘ ਗਿੱਲ, ਸੁਲੱਖਣ ਸਿੰਘ,ਹਰਦੇਵ ਸਿੰਘ,ਹਰਿੰਦਰ ਪਾਲ ਜੋਸਨ ਸਿੰਘ, ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਠੇਕਾ ਪ੍ਰਣਾਲੀ ਤਹਿਤ ਨਿਗੂਣੀਆਂ ਤਨਖਾਹਾਂ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਾਂ। ਉਨ੍ਹਾਂ ਸਬੰਧਤ ਵਿਭਾਗਾਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਜਿਉਣ ਦੀਆਂ ਲੋੜਾਂ ਮੁਤਾਬਿਕ ਤਨਖਾਹ ਨਿਸ਼ਚਿਤ ਕੀਤੀ ਜਾਵੇ। ਸੇਵਾ ਦੇ ਨਾਲ ਸਮੇਂ ਵਾਪਰਨ ਵਾਲੇ ਹਾਦਸਿਆਂ ਦੇ ਸਮੇਂ ਯੋਗ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਂਗ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਅੱਜ ਸੂਬੇ ਦੀ ਕੈਪਟਨ ਸਰਕਾਰ ਧਨਾਢ ਕਾਰਪੋਰੇਟਰਾਂ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਇਸ ਦੌਰਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਸਮੂਹ ਠੇਕਾ ਮੁਲਾਜ਼ਮ ਅੱਜ ਤੋਂ ਹੀ ਕਮਰਕੱਸੇ ਕਰਕੇ ਚੱਲ ਰਹੇ ਸੰਘਰਸ਼ ਦੀ ਸਫਲਤਾ ’ਚ ਜੁਟ ਜਾਣ ਅਤੇ ਮੰਤਰੀਆਂ ਦੇ ਪਿੰਡਾਂ ’ਚ ਆਉਣ ’ਤੇ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕਰਨ। ਇਸ ਮੌਕੇ ਪ੍ਰਮੋਦ ਕੁਮਾਰ, ਜਗਤਾਰ ਸਿੰਘ ਖਤੁੰਡਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਆਗੂ ਲਖਵਿੰਦਰ ਸਿੰਘ ਮੰਜਿਆ ਵਾਲੀ, ਜਗਰੂਪ ਸਿੰਘ, ਪ੍ਰਦੂਮਣ ਸਿੰਘ, ਉਮਕਾਰ ਸਿੰਘ ਹਾਜ਼ਰ ਸਨ।
ਨੌਂ ਜਥੇਬੰਦੀਆਂ ਨੇ ਹਿੱਸਾ ਲਿਆ
ਜੈਂਤੀਪੁਰ (ਪੱਤਰ ਪ੍ਰੇਰਕ): ਠੇਕਾ ਅਧਾਰਿਤ ਮੁਲਾਜ਼ਮਾਂ ਵੱਲੋਂ ਵੱਖ ਵੱਖ ਜੱਥੇਬੰਦੀਆਂ ਦੀ ਅਗਵਾਈ ਹੇਠ ਪੱਕਾ ਕਰਨ ਦੀ ਮੰਗ ਅਤੇ ਹੋਰ ਹੱਕੀ ਮੰਗਾਂ ਲਈ ਅੱਜ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਤੇ ਕੱਥੂਨੰਗਲ ਟੌਲ ਪਲਾਜ਼ਾ ਵਿੱਚ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਆਗੂ ਵਰਿੰਦਰ ਸਿੰਘ ਦੱਸਿਆ ਕਿ 13 ਜੁਲਾਈ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਵਿੱਚ ਹੋਵੇਗੀ ਅਤੇ ਜੇ ਸੁਣਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਨੌਂ ਜੱਥੇਬੰਦੀਆਂ ਨੇ ਹਿੱਸਾ ਲਿਆ ਹੈ।