ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਜ ਭਾਵੇਂ ਪੰਜਾਬ ਵਿੱਚ ਚੰਡੀਗੜ੍ਹ ਸਮੇਤ ਕੁੱਝ ਖਿੱਤਿਆਂ ਵਿੱਚ ਮੀਂਹ ਪਿਆ ਪਰ ਗਰਮੀ ਕਾਰਨ ਲੱਗੀ ਔੜ ਕਾਰਨ ਅਜੇ ਭਰਵੇਂ ਮੀਂਹ ਦੀ ਉਡੀਕ ਹੈ ਤਾਂ ਜੋ ਝੋਨਾ ਲਾਉਣ ਦਾ ਕੰਮ ਸਿਰੇ ਲੱਗ ਸਕੇ ਅਤੇ ਖੇਤਾਂ ਵਿੱਚ ਖੜ੍ਹੀ ਫਸਲ ਦੀ ਸੰਭਾਲ ਹੋ ਸਕੇ। ਅੰਮ੍ਰਿਤਸਰ ’ਚ ਅੱਜ ਸਵੇਰੇ 16 ਐੱਮਐੱਮ ਮੀਂਹ ਪਿਆ। ਜਲੰਧਰ ਅਤੇ ਬਠਿੰਡਾ ਵਿੱਚ ਵੀ ਮੀਂਹ ਪਿਆ ਹੈ। ਜਦਕਿ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਹਲਕੀ ਬੂੰਦਾਬਾਂਦੀ ਹੋਈ ਅਤੇ ਬੱਦਲਵਾਈ ਬਣੀ ਹੋਈ ਹੈ। ਦੂਜੇ ਪਾਸੇ, ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ 24 ਘੰਟਿਆ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦਸਤਕ ਦੇ ਸਕਦੀ ਹੈ, 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਸਕਦੀਆਂ ਹਨ ਅਤੇ ਮੀਂਹ ਵੀ ਪੈ ਸਕਦਾ ਹੈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਤਾਪਮਾਨ ਕ੍ਰਮਵਾਰ 36.5, 37.1 ਅਤੇ 38 ਡਿਗਰੀ ਰਿਹਾ।