ਲਖਨਊ: ਉੱਤਰ ਪ੍ਰਦੇਸ਼ ’ਚ ਬਲਾਕ ਪੰਚਾਇਤ ਮੁਖੀਆਂ ਦੀਆਂ ਚੋਣਾਂ ਦੌਰਾਨ ਹੋਈ ਭਾਰੀ ਹਿੰਸਾ ਦਰਮਿਆਨ ਭਾਜਪਾ ਨੇ 825 ’ਚੋਂ 635 ਸੀਟਾਂ ਜਿੱਤ ਲਈਆਂ ਹਨ। ਭਾਜਪਾ ਨੇ 735 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ 14 ਸੀਟਾਂ ਸਹਿਯੋਗੀ ਪਾਰਟੀ ਅਪਨਾ ਦਲ (ਐੱਸ) ਨੂੰ ਦਿੱਤੀਆਂ ਸਨ। ਇਸ ਤੋਂ ਇਲਾਵਾ 76 ਸੀਟਾਂ ’ਤੇ ਭਾਜਪਾ ਦੇ ਦੋ-ਦੋ ਵਰਕਰਾਂ ਨੇ ਰਲ ਕੇ ਚੋਣਾਂ ਲੜੀਆਂ। ਪ੍ਰਦੇਸ਼ ਚੋਣ ਕਮਿਸ਼ਨ ਮੁਤਾਬਕ ਸ਼ੁੱਕਰਵਾਰ ਨੂੰ ਸੂਬੇ ’ਚ 349 ਖੇਤਰਾਂ ’ਚ ਪੰਚਾਇਤ ਮੁਖੀ ਬਿਨਾਂ ਮੁਕਾਬਲੇ ਦੇ ਜੇਤੂ ਐਲਾਨੇ ਗਏ ਸਨ ਜਦਕਿ 476 ਸੀਟਾਂ ਲਈ ਅੱਜ ਵੋਟਿੰਗ ਹੋਈ। ਇਨ੍ਹਾਂ ਚੋਣਾਂ ਦੌਰਾਨ ਜ਼ੋਰਦਾਰ ਹਿੰਸਾ ਹੋਈ ਅਤੇ ਕਈ ਥਾਵਾਂ ’ਤੇ ਪੁਲੀਸ ਅਤੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਹੋਈ। ਸੂਬੇ ’ਚ ਕਰੀਬ ਦਰਜਨ ਥਾਵਾਂ ’ਤੇ ਹਿੰਸਾ ਦੀਆਂ ਘਟਨਾਵਾਂ ਦਰਜ ਹੋਈਆਂ। ਉਧਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਕਲਿਆਣਕਾਰੀ ਯੋਜਨਾਵਾਂ ਸਮਾਜ ਦੇ ਹਰ ਤਬਕੇ ਤੱਕ ਬਿਨਾਂ ਵਿਤਕਰੇ ਦੇ ਪਹੁੰਚਣ ਕਾਰਨ ਇਹ ਜਿੱਤ ਨਸੀਬ ਹੋਈ ਹੈ। ਉਨ੍ਹਾਂ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ਅਤੇ ਪ੍ਰੇਰਣਾ ਨੂੰ ਦਿੱਤਾ। -ਪੀਟੀਆਈ