ਪੱਤਰ ਪ੍ਰੇਰਕ
ਚਾਉਕੇ, 10 ਜੁਲਾਈ
ਪਿੰਡ ਜਿਉਂਦ ਵਿੱਚ ਪਿਛਲੇ ਦਿਨੀਂ ਜ਼ਮੀਨੀ ਵਿਵਾਦ ਕਾਰਨ ਹੋਈ ਲੜਾਈ ਸਮੇਂ ਕਿਸਾਨ ਆਗੂਆਂ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਥਾਣਾ ਸਦਰ ਰਾਮਪੁਰਾ ਅੱਗੇ ਬਠਿੰਡਾ-ਚੰਡੀਗੜ੍ਹ ਮੁੱਖ ਸੜਕ ਜਾਮ ਕਰ ਕੇ ਲਾਇਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ ਤੇ ਹਰਵਿੰਦਰ ਬੱਗੀ ਨੇ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਸਾਨ ਆਗੂਆਂ ਤੋਂ ਸਮਾ ਲਿਆ ਸੀ ਪਰ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਪੁਲੀਸ ਕਥਿਤ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਨੂੰ ਨਹੀਂ ਫੜ ਰਹੀ ਬਲਕਿਪੁਲੀਸ ਨੇ ਗੋਲੀਆਂ ਨਾਲ ਫੱਟੜ ਹੋਏ ਕਿਸਾਨਾਂ ਉਪਰ ਵੀ ਧਾਰਾ 307 ਦਾ ਝੂਠਾ ਕੇਸ ਬਣਾ ਦਿੱਤਾ ਹੈ। ਮੋਠੂ ਸਿੰਘ ਕੋਟੜਾਂ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ’ਤੇ ਪਾਏ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਥਾਣਾ ਸਦਰ ਮੁਖੀ ਨੇ ਕਿਹਾ ਕਿ ਪਿੰਡ ਜਿਉਂਦ ਵਿੱਚ ਜ਼ਮੀਨ ਨੂੰ ਲੈ ਕੇ ਜੋ ਲੜਾਈ ਹੋਈ ਸੀ, ਉਸ ਦੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਕੁਝ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।