ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 12 ਅਗਸਤ
ਆਸ਼ਾ ਅਤੇ ਫੈਸਿਲੀਟੇਟਰ ਸੀਟੂ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਤੋਂ ਆਈਆਂ ਸੈਂਕੜੇ ਆਸ਼ਾ ਵਰਕਰਾਂ ਨੇ ਇੱਥੋਂ ਦੇ ਫੇਜ਼ ਅੱਠ ਵਿੱਚ ਕੌਮੀ ਸਿਹਤ ਮਿਸ਼ਨ ਦੇ ਸੂਬਾਈ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਧਰਨੇ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਸਰੋਜ ਬਾਲਾ, ਚੇਅਰਮੈਨ ਰਣਜੀਤ ਕੌਰ ਰੂਪਨਗਰ, ਜਨਰਲ ਸਕੱਤਰ ਸੁਖਜੀਤ ਕੌਰ, ਸੁਰਿੰਦਰ ਕੌਰ, ਸਰਬਜੀਤ ਕੌਰ ਲੁਧਿਆਣਾ, ਰਘਵੀਰ ਕੌਰ ਅੰਮ੍ਰਿਤਸਰ, ਮਨਦੀਪ ਕੌਰ ਮੋਗਾ, ਸਿਮਰਜੀਤ ਕੌਰ ਗੁਰਦਾਸਪੁਰ, ਭੂਪਿੰਦਰ ਕੌਰ ਮੁਹਾਲੀ, ਹਰਿੰਦਰ ਕੌਰ ਪਟਿਆਲਾ, ਰਘਬੀਰ ਕੌਰ, ਰਵਿੰਦਰ ਕੌਰ, ਜੋਗਿੰਦਰ ਕੌਰ, ਮਨਿੰਦਰ ਕੌਰ ਅਤੇ ਰੇਨੂੰ ਬਾਲਾ ਨੇ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਆਸ਼ਾ ਵਰਕਰਾਂ ਨਾਲ ਸੋਸ਼ਣ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਮਾਣ-ਭੱਤਾ ਦਸ ਹਜ਼ਾਰ ਰੁਪਏ ਮਹੀਨਾ ਕਰਨ, ਘੱਟੋ-ਘੱਟ ਉਜਰਤ 24 ਹਜ਼ਾਰ ਮਹੀਨਾ ਦੇਣ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕੋਵਿਡ ਦੌਰਾਨ ਆਸ਼ਾ ਵਰਕਰਾਂ ਵੱਲੋਂ ਜਾਨ ਜ਼ੋਖ਼ਮ ਵਿੱਚ ਪਾ ਕੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਚਰਚਾ ਕਰਦਿਆਂ ਪੰਜਾਹ ਲੱਖ ਰੁਪਏ ਦਾ ਬੀਮਾ ਕਰਨ, ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਆਸ਼ਾ ਵਰਕਰਾਂ ਵੱਖਰੇ ਕਮਰਿਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਹਰਿਆਣਾ ਪੈਟਰਨ ਨੂੰ ਲਾਗੂ ਕਰਨ, ਆਸ਼ਾ ਵਰਕਰਾਂ ਨੂੰ ਸਮਾਰਟ ਫ਼ੋਨ ਦੇਣ ਦੀ ਵੀ ਮੰਗ ਕੀਤੀ।
ਆਸ਼ਾ ਵਰਕਰਾਂ ਦੇ ਧਰਨੇ ਨੂੰ ਸੀਟੂ ਦੇ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਕਿਸਾਨ ਸਭਾ ਦੇ ਸੂਬਾਈ ਆਗੂ ਬਲਬੀਰ ਸਿੰਘ ਮੁਸਾਫ਼ਿਰ, ਸੀਟੂ ਆਗੂ ਗੁਰਦੀਪ ਸਿੰਘ ਅਤੇ ਮਾਸਟਰ ਹਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਸ਼ਾ ਵਰਕਰਾਂ ਨੂੰ 24 ਅਗਸਤ ਦੇ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਦਿੱਤੇ ਧਰਨੇ ਵਿੱਚ ਹਿੱਸਾ ਲੈਣ ਲਈ ਵੀ ਆਖਿਆ।
ਕੌਮੀ ਸਿਹਤ ਮਿਸ਼ਨ ਦੇ ਅਧਿਕਾਰੀਆਂ ਨੇ ਆਸ਼ਾ ਵਰਕਰਾਂ ਤੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਇੱਕ ਹਫ਼ਤੇ ਅੰਦਰ ਯੂਨੀਅਨ ਆਗੂਆਂ ਨਾਲ ਮੀਟਿੰਗ ਕਰ ਕੇ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ।