ਨਵੀਂ ਦਿੱਲੀ: ਮਹਿਲਾ ਪਹਿਲਵਾਨ ਸੋਨਮ ਮਲਿਕ ਨੇ ਅਨੁਸ਼ਾਸਨਹੀਣਤਾ ਦੇ ਮਾਮਲੇ ’ਤੇ ਅੱਜ ਕੌਮੀ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਦੁਬਾਰਾ ਇਹੋ ਜਿਹੀ ਗਲਤੀ ਨਹੀਂ ਕਰੇਗੀ ਜਦਕਿ ਵਿਨੇਸ਼ ਫੋਗਾਟ ਦੀਆਂ ਭਾਵਨਾਤਮਕ ਗੱਲਾਂ ਖੇਡ ਸੰਸਥਾ ਦਾ ਰੁਖ ਨਰਮ ਨਹੀਂ ਕਰ ਸਕੀਆਂ। ਡਬਲਿਊਐੱਫਆਈ ਨੇ ਵਿਨੇਸ਼ ਫੋਗਾਟ ਨੂੰ ਟੋਕੀਓ ਓਲੰਪਿਕ ’ਚ ਅਨੁਸ਼ਾਸਨਹੀਣਤਾ ਦੇ ਤਿੰਨ ਮਾਮਲਿਆਂ ਲਈ ਮੰਗਲਵਾਰ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਨਾਲ ਹੀ ਸੋਨਮ ਮਲਿਕ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ਨੇ ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਆਪਣਾ ਪਾਸਪੋਰਟ ਲੈਣ ਲਈ ਭਾਰਤੀ ਖੇਡ ਅਥਰਿਟੀ (ਸਾਈ) ਸਟਾਫ ਤੋਂ ਮਦਦ ਮੰਗੀ ਸੀ। ਫੈਡਰੇਸ਼ਨ ਦੇ ਸੂਤਰ ਨੇ ਦੱਸਿਆ, ‘ਸੋਨਮ ਨੇ ਨੋਟਿਸ ਦਾ ਜਵਾਬ ਦਿੱਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਦੁਬਾਰਾ ਅਜਿਹੀ ਗਲਤੀ ਨਹੀਂ ਕਰੇਗੀ। ਫੈਡਰੇਸ਼ਨ ਜਲਦੀ ਹੀ ਇਸ ਮਾਮਲੇ ਦਾ ਫ਼ੈਸਲਾ ਕਰੇਗੀ। ਜਦਕਿ ਵਿਨੇਸ਼ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।’ ਵਿਨੇਸ਼ ਕੋਲ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤੱਕ ਦਾ ਸਮਾਂ ਹੈ। -ਪੀਟੀਆਈ