ਸੁਰਜੀਤ ਜੱਸਲ
ਲੌਕਡਾਊਨ ਤੋਂ ਬਾਅਦ ਹੁਣ ਉੱਤਰੀ ਭਾਰਤ ਦੇ ਸਿਨਮਾ ਘਰਾਂ ਦੇ ਬੂਹੇ ਵੀ ਮੁੜ ਖੁੱਲ੍ਹੇ ਹਨ। ਦਰਸ਼ਕਾਂ ਦੀ ਚਹੇਤੀ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਆਪਣੀ ਨਵੀਂ ਫ਼ਿਲਮ ‘ਪੁਆੜਾ’ ਨਾਲ ਮੁੜ ਹਾਜ਼ਰ ਹੋਏ ਹਨ। ਇਸ ਫ਼ਿਲਮ ਵਿਚ ਪਿਆਰ, ਤਕਰਾਰ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਅਤੇ ਮਰਿਆਦਾ ਨੂੰ ਵਿਖਾਇਆ ਗਿਆ ਹੈ। ਇਹ ਕਾਮੇਡੀ ਭਰਪੂਰ ਨਿਰੋਲ ਪਰਿਵਾਰਕ ਕਹਾਣੀ ਹੈ, ਜਿਸ ਵਿਚ ਪਿਆਰ-ਵਿਆਹ ’ਚ ਪਏ ਪੁਆੜੇ ਨੂੰ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਐਮੀ ਵਿਰਕ ਨੇ ਇਸ ਫ਼ਿਲਮ ਵਿਚ ਆਪਣੇ ਪਹਿਲੇ ਕਿਰਦਾਰਾਂ ਤੋਂ ਹਟਕੇ ਦੋਧੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਏਅਰਫੋਰਸ ਅਫ਼ਸਰ ਦੀ ਕੁੜੀ (ਸੋਨਮ ਬਾਜਵਾ) ਨੂੰ ਪਿਆਰ ਕਰਦਾ ਹੈ। ਏਅਰ ਫੋਰਸ ਅਫ਼ਸਰ ਅਸੂਲੀ ਬੰਦਾ ਹੈ ਜਿਸ ਕਾਰਨ ਅਨੇਕਾਂ ਦਿਲਚਸਪ ਪੁਆੜੇ ਪੈਂਦੇ ਹਨ ਜੋ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦੇ ਹਨ।
ਏ ਐਂਡ ਏ ਪਿਕਚਰਜ਼ ਅਤੇ ਬ੍ਰਾਟ ਫ਼ਿਲਮਜ਼ ਵੱਲੋਂ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ। ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ ਜਦੋਂਕਿ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਐਮੀ ਵਿਰਕ, ਸੋਨਮ ਬਾਜਵਾ, ਸੀਮਾ ਕੌਸ਼ਲ, ਹਰਦੀਪ ਗਿੱਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਸਿੰਘ ਨੇ ਲਿਖੇ ਹਨ। ਇਸ ਫ਼ਿਲਮ ਦੇ ਨਿਰਮਾਤਾ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਹਨ। ਇਹ ਫ਼ਿਲਮ ਸੁੰਨੇ ਪਏ ਪੰਜਾਬੀ ਸਿਨਮਿਆਂ ਵਿਚ ਮੁੜ ਰੌਣਕਾਂ ਲਾ ਰਹੀ ਹੈ।
ਸੰਪਰਕ: 98146-07737