ਘਨੌਲੀ: ਇੱਥੇ ਸਤਿਸੰਗ ਭਵਨ ਘਨੌਲੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਏ ਗਏ ਕਰੋਨਾ ਟੀਕਾਕਰਨ ਕੈਂਪ ਦੌਰਾਨ ਭਵਨ ਦੀ ਚਾਰਦੀਵਾਰੀ ਦੇ ਅੰਦਰ ਤੇ ਬਾਹਰ ਸਵੇਰ ਵੇਲੇ ਹੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਸਿਹਤ ਵਿਭਾਗ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਸਮਰੱਥਾ ਤੋਂ ਵੱਧ ਲੋਕ ਕੈਂਪ ’ਚ ਪੁੱਜ ਚੁੱਕੇ ਸਨ। ਟੀਮ ਕੋਲ ਸਿਰਫ਼ 250 ਕੋਵੈਕਸੀਨ ਤੇ 100 ਕੋਵੀਸ਼ੀਲਡ ਦੇ ਟੀਕੇ ਸਨ। ਇਸ ਮੌਕੇ ਇੱਧਰੋਂ-ਉੱਧਰੋਂ ਪ੍ਰਬੰਧ ਕਰਕੇ 361 ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਸਤਿਸੰਗ ਭਵਨ ਦੇ ਗੇਟ ਦੇ ਬਾਹਰ ਕੜਕਦੀ ਧੁੱਪ ਵਿੱਚ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। -ਪੱਤਰ ਪ੍ਰੇਰਕ