ਰਮੇਸ਼ ਭਾਰਦਵਾਜ
ਲਹਿਰਾਗਾਗਾ ,14 ਅਗਸਤ
ਪਿੰਡ ਜਲੂਰ ਵਿਚ ਕਿਸਾਨ ਹਰਭਜਨ ਸਿੰਘ ਨੇ ਕਰਜ਼ੇ ਕਰਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਹਰਭਜਨ ਸਿੰਘ ਦੇ ਲੜਕੇ ਅਵਤਾਰ ਸਿੰਘ ਨੇ ਸਦਰ ਪੁਲੀਸ ਨੂੰ ਦੱਸਿਆ ਕਿ ਸਾਲ 1992 ਤੋਂ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸਰਾਏ ਜੱਟਾਂ ਕਣਕ ਝੋਨੇ ਦੀ ਵਾਢੀ ਲਈ ਕੰਬਾਈਨ ਲੈ ਕੇ ਆਉਂਦਾ ਸੀ ਅਤੇ ਹਰਭਜਨ ਸਿੰਘ ਨੂੰ ਗੱਲਾਂ ਵਿੱਚ ਲਗਾ ਕੇ 2014 ਵਿੱਚ ਆਪਣੇ ਪਿੰਡ ਵਿਖੇ 50 ਕਿੱਲੇ ਜ਼ਮੀਨ ਠੇਕੇ ’ਤੇ ਦਿਵਾ ਦਿੱਤੀ ਅਤੇ ਪਰਿਵਾਰ ਸੌ ਕਿੱਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਰਿਹਾ ਅਤੇ ਫਸਲ ਖੁਦ ਸੁਖਵਿੰਦਰ ਸਿੰਘ ਵੇਚਦਾ ਸੀ। 2019 ਵਿੱਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਤੁਹਾਡੇ ਵੱਲ 16.50 ਲੱਖ ਰੁਪਏ ਚੱਲਦੇ ਹਨ ਤਾਂ ਉਨ੍ਹਾਂ ਨੇ ਪਿੰਡ ਜਲੂਰ ਵਾਲੀ ਕਿਸਾਨ ਦੀ ਜ਼ਮੀਨ ਦੀ ਫਰਦ ਮੰਗਵਾ ਲਈ ਅਤੇ ਕਿਹਾ ਕਿ ਉਹ ਜ਼ਮੀਨ ’ਤੇ ਲੋਨ ਕਰਵਾ ਦਿੰਦਾ ਹੈ। ਬਾਅਦ ਵਿੱਚ ਕਿਹਾ ਕਿ ਜੇਕਰ ਪੈਸੇ ਨਹੀਂ ਦੇਵੋਗੇ ਤਾਂ ਉਹ ਪਿੰਡ ਦੀ ਜ਼ਮੀਨ ’ਤੇ ਕਬਜ਼ਾ ਕਰ ਲਵੇਗਾ ਕਿਉਂਕਿ ਉਸ ਕੋਲ ਤੁਹਾਡੀ ਜ਼ਮੀਨ ’ਤੇ 31 ਦਸੰਬਰ 2019 ਦੀ ਲਿਖਤ ਅਨੁਸਾਰ ਬਿਆਨਾ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਸੁਖਵਿੰਦਰ ਸਿੰਘ ਤੇ ਆੜ੍ਹਤੀ ਮੋਹਣ ਸਿੰਘ ਫੈਸਲਾਬਾਦ ਮਿਲ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਧਮਕੀ ਦਿੰਦੇ ਸੀ ਜਿਸ ਕਾਰਨ ਹਰਭਜਨ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ।