ਸ੍ਰੀਨਗਰ, 13 ਅਗਸਤ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਲੰਘੀ ਰਾਤ ਤੋਂ ਚੱਲ ਰਹੇ ਮੁਕਾਬਲੇ ’ਚ ਇੱਕ ਪਾਕਿਸਤਾਨੀ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਕਤ ਦਹਿਸ਼ਤਗਰਦ ਵੱਲੋਂ ਜੰਮੂ-ਕਸ਼ਮੀਰ ਕੌਮੀ ਮਾਰਗ ’ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ। ਮੁਕਾਬਲੇ ’ਚ ਦੋ ਜਵਾਨ ਦੇ ਹੋਰ ਨਾਗਰਿਕ ਵੀ ਜ਼ਖ਼ਮੀ ਹੋਏ ਹਨ।
ਇਹ ਮੁਕਾਬਲਾ ਵੀਰਵਾਰ ਨੂੰ ਇੱਕ ਇਮਾਰਤ ’ਚ ਲੁਕੇ ਦੋ ਦਹਿਸ਼ਤਗਰਦਾਂ ਵੱਲੋਂ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਬੀਐੱਸਐੱਫ ਦੇ ਕਾਫਲੇ ’ਤੇ ਗੋਲੀਬਾਰੀ ਮਗਰੋਂ ਸ਼ੁਰੂ ਹੋਇਆ ਸੀ। ਪੁਲੀਸ ਦੇ ਇੱਕ ਤਰਜਮਾਨ ਨੇ ਦੱਸਿਆ ‘ਦਹਿਸ਼ਤਗਰਦਾਂ ਨੇ ਵੀਰਵਾਰ ਬਾਅਦ ਦੁਪਹਿਰ ਕਰੀਬ 3 ਵਜੇ ਸ੍ਰੀਨਗਰ-ਜੰਮੂ ਕੌਮੀ ਮਾਰਗ ਨੇੜੇ ਕੁਲਗਾਮ ਜ਼ਿਲ੍ਹੇ ਦੇ ਮਲਪੋਰਾ ਮੀਰ ਬਾਜ਼ਾਰ ਇਲਾਕੇ ’ਚ ਬੀਐੱਸਐੱਫ ਦੇ ਕਾਫ਼ਲੇ ’ਤੇ ਹਮਲਾ ਕਰ ਦਿੱਤਾ।
ਪੁਲੀਸ ਅਤੇ ਸੁਰੱਖਿਆ ਬਲਾਂ ਦੀ ਰਸਤਾ ਖੋਲ੍ਹਣ ਵਾਲੀ ਟੀਮ (ਆਰਓਪੀ) ਨੇ ਜਵਾਬੀ ਕਾਰਵਾਈ ਕੀਤੀ।’ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪੁਲੀਸ ਅਤੇ ਫ਼ੌਜ ਦੇ ਜਵਾਨ ਤੁਰੰਤ ਉੱਥੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦ ਦੀ ਪਛਾਣ ਪਾਕਿਸਤਾਨ ਦੇ ਉਸਮਾਨ ਵਜੋਂ ਹੋਈ ਹੈ, ਜੋ ਛੇ ਮਹੀਨਿਆਂ ਤੋਂ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਹੁਣ ਤੱਕ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ ਅਤੇ ਇਮਾਰਤ, ਜਿੱਥੇ ਦਹਿਸ਼ਤਗਰਦ ਲੁਕੇ ਸਨ, ਦੀ ਪੂੁਰੀ ਤਰ੍ਹਾਂ ਤਲਾਸ਼ੀ ਹਾਲੇ ਲਈ ਜਾਣੀ ਹੈ। ਉਨ੍ਹਾਂ ਵੀਰਵਾਰ ਨੂੰ ਦੱਸਿਆ ਸੀ ਕਿ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਘੇਰੇ ’ਚ ਫਸ ਗਏ ਹਨ। ਉਨ੍ਹਾਂ ਮੁਤਾਬਕ ਪਿਛਲੇ ਹਫ਼ਤੇ ਤੋਂ ਇਤਲਾਹ ਮਿਲ ਰਹੀ ਸੀ ਕਿ ਦਹਿਸ਼ਤਗਰਦ ਬਾਰਮੂਲਾ-ਸ੍ਰੀਨਗਰ ਰੋਡ ਜਾਂ ਕਾਜ਼ੀਗੁੰਡ-ਪਾਂਧਾ ਚੌਕ ਤੋਂ ਕੌਮੀ ਮਾਰਗ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਇਸ ਦੇ ਚੱਲਦਿਆਂ ਪੁਲੀਸ ਅਤੇ ਸੁਰੱਖਿਆ ਬਲ ਚੌਕਸ ਸਨ। ਕੁਮਾਰ ਨੇ ਕਿਹਾ, ‘ਅਸੀਂ ਇਮਾਰਤ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਅਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਰਾਤ ਸਮੇਂ ਤਲਾਸ਼ ਕਰਨੀ ਮੁਸ਼ਕਲ ਸੀ, ਇਸ ਲਈ ਸਵੇਰੇ ਇੱਕ ਦਹਿਸ਼ਤਗਰਦ ਦੀ ਲਾਸ਼ ਬਰਾਮਦ ਹੋਈ ਹੈ।’ ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੇ ਥਾਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ, ਜਿਸ ਵਿੱਚ ਇੱਕ ਏਕੇ-47 ਰਾਈਫਲ, ਮੈਗਜ਼ੀਨ, ਗ੍ਰਨੇਡ, ਆਰਪੀਜੀ-7 ਰਾਕੇਟ ਲਾਂਚਰ ਸ਼ਾਮਲ ਹਨ। ਉਨ੍ਹਾਂ ਕਿਹਾ, ‘ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। -ਪੀਟੀਆਈ
ਬਾਰਾਮੂਲਾ ’ਚ ਸੁਰੱਖਿਆ ਬਲਾਂ ’ਤੇ ਗ੍ਰਨੇਡ ਨਾਲ ਹਮਲਾ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ ’ਚ ਅੱਜ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਦੇ ਇੱਕ ਦਸਤੇ ’ਤੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਅ ਕਿ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਦਸਤੇ ’ਤੇ ਇਹ ਹਮਲਾ ਬਾਅਦ ਦੁਪਹਿਰ 2.30 ਵਜੇ ਉੱਤਰੀ ਕਸ਼ਮੀਰ ਦੇ ਸਪੋਰ ’ਚ ਐੱਸਬੀਆਈ ਮੁੱਖ ਚੌਕ ਨੇੜੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਮਲੇ ਸਬੰਧੀ ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ। ਪੀਟੀਆਈ
ਜੰਮੂ-ਕਸ਼ਮੀਰ ’ਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ
ਸ੍ਰੀਨਗਰ: ਜੰਮੂ-ਕਸ਼ਮੀਰ ’ਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੇ ਗਏ ਹਨ ਅਤੇ ਸੁਰੱਖਿਆਂ ਬਲਾਂ ਵੱਲੋਂ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨ ਸਣੇ ਹੋਰ ‘ਤਨਕੀਕੀ ਨਿਗਰਾਨੀ’ ਦੀ ਵਰਤੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਜਸ਼ਨਾਂ ਵਿੱਚ ਵਿਘਨ ਪਾਏ ਜਾਣ ਦੀ ਕਿਸੇ ਵੀ ਕੋਸ਼ਿਸ਼ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਅਤੇ ਘਾਟੀ ’ਚ ਕਈ ਹੋਰ ਥਾਵਾਂ ’ਤੇ ਪੁਲੀਸ ਅਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਾਟੀ ’ਚ ਵਾਹਨਾਂ ਦੀ ਤਲਾਸ਼ੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। -ਪੀਟੀਆਈ