ਰਮਨਦੀਪ ਸਿੰਘ
ਚਾਉਕੇ, 13 ਅਗਸਤ
ਪਿੰਡ ਜੇਠੂਕੇ ਵਿੱਚ ਪਰਵਾਸੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਰੋਜ਼ਾ ਕਬੱਡੀ ਕੱਪ ਦਾ ਉਦਘਾਟਨ ਪਿੰਡ ਦੇ ਨੌਜਵਾਨ ਸਰਪੰਚ ਸੁਖਦੇਵ ਸਿੰਘ ਢਿੱਲੋਂ ਨੇ ਕੀਤਾ। ਕਬੱਡੀ ਓਪਨ ਦੀਆਂ ਸ਼ਾਮਲ ਹੋਈਆਂ ਕੁੱਲ 40 ਟੀਮਾਂ ਦੇ ਹੋਏ ਮੁਕਾਬਲੇ ਵਿੱਚੋਂ ਫਾਈਨਲ ਵਿੱਚ ਤਲਵੰਡੀ ਚੌਧਰੀਆਂ ਦੇ ਖਿਡਾਰੀਆਂ ਨੇ ਬਰਦਾਸ਼ਪੁਰ ਦੇ ਖਿਡਾਰੀਆਂ ਨੂੰ ਮਾਤ ਦਿੱਤੀ। ਫਾਈਨਲ ਦੇ ਹੋਏ ਇਸ ਮੁਕਾਬਲੇ ਵਿਚ ਵਿਸ਼ਵ ਕਬੱਡੀ ਕੱਪ ਦੇ ਟਰੈਕਟਰ ਜੇਤੂ ਖਿਡਾਰੀ ਗੱਗੀ ਖੀਰਾਂਵਾਲ ਨੂੰ ਬੈਸਟ ਰੇਡਰ ਅਤੇ ਕਬੱਡੀ ਖਿਡਾਰੀ ਫਰਿਆਦ ਅਲੀ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ। ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚੋਂ ਕਪੂਰਥਲਾ ਦੀਆਂ ਲੜਕੀਆਂ ਨੇ ਮੋਗਾ ਦੀਆਂ ਖਿਡਾਰਨਾਂ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ 40 ਸਾਲਾ ਕਬੱਡੀ ਖਿਡਾਰੀਆਂ ਦੇ ਮੁਕਾਬਲੇ ਵਿਚ ਸੇਲਵਰ੍ਹਾ ਦੀ ਟੀਮ ਨੇ ਜਲਾਲ ਦੀ ਟੀਮ ਨੂੰ ਹਰਾਇਆ। ਕਬੱਡੀ ਓਪਨ ਦਾ ਪਹਿਲਾ ਇਨਾਮ ਸਵ ਹਰਜਾਪ ਸਿੰਘ ਭੁੱਲਰ ਦੇ ਪਰਿਵਾਰ ਅਤੇ ਦੂਜਾ ਇਨਾਮ ਬਿੰਦਰ ਸਿੰਘ ਬਾਠ ਵੱਲੋਂ ਦਿੱਤਾ ਗਿਆ। ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪ੍ਰਬੰਧਕ ਕਮੇਟੀ ਮੈਂਬਰ ਬਲਜਿੰਦਰ ਸਿੰਘ ਬਿੰਦੀ, ਸੁਖਪ੍ਰੀਤ ਸਿੰਘ ਕਾਲਾ, ਗੁਰਮੀਤ ਸਿੰਘ ਵਿੱਕੀ, ਜਗਤਾਰ ਸਿੰਘ, ਰਛਪਾਲ ਸਿੰਘ ਪਾਲੀ, ਦਲਜੀਤ ਸਿੰਘ ਸ਼ਨੀ ਦਾ ਯੋਗਦਾਨ ਰਿਹਾ।
ਮੁੰਡੇ ਤੇ ਕੁੜੀਆਂ ਦੀਆਂ ਦੌੜਾਂ ਕਰਵਾਈਆਂ
ਮਹਿਲ ਕਲਾਂ (ਨਵਕਿਰਨ ਸਿੰਘ): ਪਿੰਡ ਚੰਨਣਵਾਲ ਵਿੱਚ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਦੌੜ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਕੁੜੀਆਂ ਦੀ 800 ਮੀਟਰ ਅਤੇ ਮੁੰਡਿਆਂ ਦੀ 1600 ਮੀਟਰ ਦੌੜ ਕਰਵਾਈ ਗਈ। ਇਸ ਦੌੜ ਵਿੱਚ 150 ਮੁੰਡਿਆਂ ਅਤੇ 80 ਕੁੜੀਆਂ ਨੇ ਹਿੱਸਾ ਲਿਆ। ਕੁੜੀਆਂ ਦੀ ਦੌੜ ’ਚ ਮਨਦੀਪ ਕੌਰ ਵਾਸੀ ਭਵਾਨੀਗੜ੍ਹ ਪਹਿਲੇ ਜਦਕਿ ਮੁੰਡਿਆਂ ਵਿੱਚ ਭੁਪਿੰਦਰ ਸਿੰਘ ਵਾਸੀ ਬਠਿੰਡਾ ਪਹਿਲੇ ਸਥਾਨ ’ਤੇ ਰਹੇ। ਇਸ ਦੌਰਾਨ ਕੋਚ ਸਵਰਨਜੀਤ ਸਿੰਘ ਗਹਿਲ ਅਤੇ ਬਲਵਿੰਦਰ ਸਿੰਘ ਚੰਨਣਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਬੂਟਾ ਸਿੰਘ,ਸਾਬਕਾ ਸਰਪੰਚ ਗੁਰਜੰਟ ਸਿੰਘ ਹਾਜ਼ਰ ਸਨ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਪਿੰਡ ਛੀਨੀਵਾਲ ਕਲਾਂ ਵੱਲੋਂ ਸੱਤਵਾਂ ਦੋ ਦਿਨਾਂ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਛੀਨੀਵਾਲ ਕਲਾਂ ਦੀ ਟੀਮ ਨੇ ਪਹਿਲਾ ਜਦਕਿ ਲੋਪੋ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।