ਐਨ.ਪੀ ਧਵਨ
ਪਠਾਨਕੋਟ, 13 ਅਗਸਤ
ਨਰੋਟ ਜੈਮਲ ਸਿੰਘ ਦੇ ਅਧੀਨ ਪੈਂਦੇ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਨਾਜਾਇਜ਼ ਖਣਨ ਅਤੇ ਉਨ੍ਹਾਂ ਦੀ ਜ਼ਮੀਨਾਂ ਵਿੱਚੋਂ ਲੰਘ ਕੇ ਜਾਂਦੀਆਂ ਰੇਤਾ ਤੇ ਬੱਜਰੀ ਵਾਲੀਆਂ ਗੱਡੀਆਂ ਨੂੰ ਲੈ ਕੇ ਕਰੱਸ਼ਰ ਸਨਅਤ ਖ਼ਿਲਾਫ਼ ਪਿਛਲੇ 1 ਮਹੀਨੇ ਤੋਂ ਧੁੱਸੀ ਬੰਨ੍ਹ ’ਤੇ ਧਰਨਾ ਜਾਰੀ ਹੈ। ਧਰਨਾ ਲਾਈ ਬੈਠੇ ਕਿਸਾਨਾਂ ’ਤੇ ਬੀਤੀ ਰਾਤ ਦਰਜਨਾਂ ਅਣਪਛਾਤਿਆਂ ਕਰ ਹਮਲਾ ਕਰ ਦਿੱਤਾ। ਇਸ ਖ਼ਿਲਾਫ਼ ਅੱਜ ਸਾਰਾ ਦਿਨ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਨਾਜਾਇਜ਼ ਖਣਨ ਬੰਦ ਕਰਵਾਈ ਜਾਵੇ।
ਰਾਵੀ ਦਰਿਆ ਦੇ ਕਥਲੌਰ ਪੁਲ ਉੱਪਰ ਪੰਜ ਘੰਟੇ ਚੱਲੇ ਇਸ ਧਰਨੇ ਵਿੱਚ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਸੂਬਾਈ ਪ੍ਰਧਾਨ ਬਲਦੇਵ ਸਿੰਘ ਸਿਰਸਾ, ਗੁਰਦਿਆਲ ਸਿੰਘ ਸੈਣੀ, ਉਪ-ਪ੍ਰਧਾਨ ਜਸਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ, ਨਰੋਟ ਜੈਮਲ ਸਿੰਘ ਜ਼ੋਨ ਪ੍ਰਧਾਨ ਸੋਹਨ ਸਿੰਘ, ਨੰਬਰਦਾਰ ਬਚਨ ਸਿੰਘ, ਅੰਮ੍ਰਿਤਵੀਰ ਪਾਲ, ਦਰਸ਼ਨ ਸਿੰਘ, ਜਗੀਰ ਸਿੰਘ, ਗੁਰਮੁਖ ਸਿੰਘ, ਦਾਰਾ ਸਿੰਘ, ਜਸਵੀਰ ਸਿੰਘ ਆਦਿ ਆਗੂ ਸ਼ਾਮਲ ਹੋਏ। ਸਾਰਾ ਦਿਨ ਪੁਲੀਸ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਰਹੇ। ਆਖ਼ਰ ਸ਼ਾਮ ਨੂੰ ਐਸਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਸਾਨਾਂ ’ਤੇ ਹਮਲਾ ਕਰਨ ਵਾਲਿਆਂ ਉੱਪਰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ।
ਇਸ ਮੌਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮੰਡ ਖੇਤਰ ਵਿੱਚ ਕੀਤੀ ਜਾ ਰਹੀ ਨਾਜਾਇਜ਼ ਖਣਨ ਨਾਲ ਜ਼ਮੀਨ ਖੋਖਲਾ ਹੋ ਰਹੀ ਹੈ। ਜ਼ਮੀਨ ਬੰਜਰ ਬਣ ਗਈ ਹੈ ਤੇ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਇਲਾਕੇ ਦੇ ਬਾਗ਼ ਵੀ ਸੁੱਕ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕੈਪਟਨ ਸਰਕਾਰ ਤੇ ਇਸ ਦੇ ਵਿਧਾਇਕ ਪ੍ਰਸ਼ਾਸਨ ਨਾਲ ਮਿਲੀਭੁਗਤ ਨਾਲ ਖਣਨ ਮਾਫ਼ੀਆ ਨੂੰ ਫ਼ਾਇਦਾ ਪਹੁੰਚਾ ਰਹੇ ਹਨ।
ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਨੇ ਦੱਸਿਆ ਕਿ ਨਾਜਾਇਜ਼ ਖਣਨ ਨੂੰ ਲੈ ਕੇ ਚੱਲ ਰਹੇ ਧਰਨੇ ਬਾਰੇ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਮਸਲੇ ਨੂੰ ਸੁਲਝਾਉਣ ਲਈ ਕੁੱਝ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।