ਇਕਵਾਕ ਸਿੰਘ ਪੱਟੀ
ਚੁਗਲੀ ਕਰਨਾ ਭਾਵ ਨਿੰਦਾ ਕਰਨਾ ਜਾਂ ਹੋਰ ਸੌਖੇ ਸ਼ਬਦਾਂ ਵਿਚ ਕਹੀਏ ਤਾਂ ਕਿਸੇ ਦੀ ਪਿੱਠ ਪਿੱਛੇ ਉਸ ਦੀ ਬੁਰਾਈ ਕਰਨਾ ਚੁਗਲੀ ਕਰਨਾ ਹੁੰਦਾ ਹੈ। ਚੁਗਲੀ ਦਾ ਵਰਤਾਰਾ ਸਾਡੇ ਆਲੇ ਦੁਆਲੇ ਕਿਸੇ ਨਾ ਕਿਸੇ ਰੂਪ ਵਿਚ ਵਰਤਦਾ ਹੀ ਰਹਿੰਦਾ ਹੈ। ਇਸੇ ਕਰਕੇ ਕਈ ਵਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਸੀਂ ਵੀ ਇਸ ਨਾਲ ਜੁੜ ਜਾਂਦੇ ਹਾਂ। ਜਿਵੇਂ ਜਾਂ ਤਾਂ ਕੋਈ ਸਾਡੀ ਚੁਗਲੀ ਕਰਦਾ ਹੈ ਜਾਂ ਕਈ ਵਾਰ ਅਸੀਂ ਆਪ ਹੀ ਕਿਸੇ ਦੀ ਚੁਗਲੀ ਕਰ ਜਾਂਦੇ ਹਾਂ। ਚੁਗਲੀ ਕਰਨ ਵਾਲੇ ਨੂੰ ਚੁਗਲਖੋਰ ਕਿਹਾ ਜਾਂਦਾ ਹੈ। ਚੁਗਲਖੋਰਾਂ ਦਾ ਕੰਮ ਦੋ ਧਿਰਾਂ ਵਿਚ ਫਿੱਕ ਪਵਾਉਣਾ, ਆਪਸੀ ਸਾਂਝ ਨੂੰ ਤੋੜਨਾ, ਇਕ ਦੂਜੇ ਵਿਰੁੱਧ ਚੁੱਕਣਾ ਦੇਣੀ ਜਾਂ ਲੜਾਈ ਕਰਵਾਉਣਾ ਹੁੰਦਾ ਹੈ। ਪੰਜਾਬੀ ਦੀ ਕਹਾਵਤ, ‘ਵਾਰਿਸ ਸ਼ਾਹ! ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ’ ਵਾਂਗ ਚੁਗਲਖੋਰ ਕਦੇ ਵੀ ਆਪਣੀ ਚੁਗਲੀ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਕਿਸੇ ਨੇ ਬੜਾ ਸੋਹਣਾ ਆਖਿਆ ਹੈ ਕਿ, ‘ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ।’
ਖੈਰ! ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਿਹੜੇ ਸਮਿਆਂ ਨੂੰ ਭਲੇ ਵੇਲੇ ਕਿਹਾ ਜਾਂਦਾ ਸੀ, ਚੁਗਲੀ ਉਦੋਂ ਵੀ ਪ੍ਰਧਾਨ ਰਹੀ ਹੈ। ਗੁਰੂ ਘਰ ਪ੍ਰਤੀ, ਲਾਲਚ ਅਤੇ ਈਰਖਾ ਵੱਸ ਆ ਕੇ ਗੁਰ ਨਿੰਦਕਾਂ ਨੇ ਸਮੇਂ ਦੇ ਹਾਕਮਾਂ ਦੇ ਦਰਬਾਰਾਂ ਵਿਚ ਜਾ ਚੁਗਲੀਆਂ ਕੀਤੀਆਂ ਸਨ। ਕਿਸੇ ਪ੍ਰਤੀ ਈਰਖਾ/ਨਫ਼ਰਤ ਵੀ ਚੁਗਲੀ ਨੂੰ ਜਨਮ ਦਿੰਦੀ ਹੈ। ਚੁਗਲੀ ਕਰਨ ਵਾਲਾ ਉਦੋਂ ਹੀ ਕਿਸੇ ਦੀ ਜ਼ਿਆਦਾ ਚੁਗਲੀ ਕਰਦਾ ਹੈ, ਜਦੋਂ ਚੁਗਲੀ ਕਰਨ ਵਾਲਾ ਉਸ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਿਰੁੱਧ ਚੁਗਲੀਆਂ ਕਰਕੇ ਇਸ ਨੂੰ ਬਦਨਾਮ ਕੀਤਾ ਜਾਵੇ ਜਾਂ ਫਿਰ ਕਿਸੇ ਨੂੰ ਇਸ ਦੇ ਖਿਲਾਫ਼ ਕਰਕੇ ਲੜਾਈ ਕਰਵਾਈ ਜਾਵੇ।
ਇਕ ਤਾਂ ਚੁਗਲਖੋਰ ਆਦਤ ਵੱਸ ਚੁਗਲੀ ਕਰਦੇ ਹਨ ਅਤੇ ਦੂਜੇ ਈਰਖਾ ਜਾਂ ਸਾੜੇ ਦੇ ਮਾਰੇ ਚੁਗਲੀ ਕਰਦੇ ਹਨ। ਇਸ ਵਿਚੋਂ ਦੂਜੀ ਕਿਸਮ ਵਾਲੇ ਚੁਗਲਖੋਰ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੇ ਹਨ ਕਿਉਂਕਿ ਕੀ ਪਤਾ ਹੁੰਦਾ ਕਿਹੜਾ ਸਾਡੇ ਤੋਂ ਖਾਰ ਕਦੋਂ ਤੋਂ ਖਾਣ ਲੱਗ ਪਵੇ? ਪਰ ਪਹਿਲੀ ਕਿਸਮ ਵਾਲਿਆਂ ਬਾਰੇ ਆਮ ਤੌਰ ’ਤੇ ਸਭ ਨੂੰ ਪਤਾ ਹੀ ਹੁੰਦਾ ਅਤੇ ਉਹ ਛੇਤੀ ਕੀਤੇ ਉਸ ਵੱਲੋਂ ਕਹੀ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਗੱਲ ਅਣਸੁਣੀ ਕਰ ਦਿੰਦੇ ਹਨ। ਭੋਲੇ ਅਤੇ ਕੰਨਾਂ ਦੇ ਕੱਚੇ ਜਲਦੀ ਕਿਸੇ ਦੇ ਬਹਿਕਾਵੇ ਵਿਚ ਆ ਜਾਂਦੇ ਹਨ ਅਤੇ ਬਾਤ ਦਾ ਬਤੰਗੜ ਬਣਾ ਕੇ ਆਪਣਾ ਹੀ ਨੁਕਸਾਨ ਕਰਵਾ ਕੇ ਬੈਠ ਜਾਂਦੇ ਹਨ।
ਇਹੀ ਕਾਰਨ ਹੈ ਕਿ ਜਦੋਂ ਗੁਰੂ ਪਾਤਸ਼ਾਹ ਨੇ ਇਕ ਸੁਚੱਜੇ ਮਨੁੱਖ ਦੀ ਘਾੜਤ ਘੜਨ ਲਈ ਉਪਰਾਲੇ ਕੀਤੇ ਤਾਂ ਮਨੁੱਖਤਾ ਨੂੰ ਗੁਰਬਾਣੀ ਦੇ ਰੂਪ ਵਿਚ ਸੁਨਹਿਰੀ ਉਪਦੇਸ਼ ਬਖ਼ਸ਼ਿਸ਼ ਕੀਤੇ, ਉੱਥੇ ਹੋਰਨਾਂ ਅਲਾਮਤਾਂ ਦੇ ਨਾਲ ਨਾਲ ਇਸ ਚੁਗਲੀ/ਨਿੰਦਾ ਜਿਹੀ ਅਲਾਮਤ ਤੋਂ ਵੀ ਮਨੁੱਖ ਨੂੰ ਬਚੇ ਰਹਿਣ ਦੀ ਤਾਕੀਦ ਕੀਤੀ। ਗੁਰਬਾਣੀ ਅੰਦਰ ਥਾਂ-ਪੁਰ-ਥਾਂ ਅਜਿਹੇ ਸ਼ਬਦ ਮਿਲਦੇ ਹਨ ਜੋ ਮਨੁੱਖਤਾ ਨੂੰ ਉੱਚੇ ਸੁੱਚੇ ਆਚਰਣ ਦਾ ਧਾਰਨੀ ਬਣਨ ਲਈ ਪ੍ਰੇਰਦੇ ਹਨ ਅਤੇ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਦਿੰਦੇ ਹਨ ਜਿਵੇਂ:
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ॥
ਇਸੇ ਤਰ੍ਹਾਂ ਇਕ ਥਾਈਂ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਰੱਬ ਦਾ ਭਗਤ ਹਮੇਸ਼ਾਂ ਰੱਬ ਦੇ ਗੁਣਾਂ ਵਿਚ ਲੀਨ ਰਹਿੰਦਾ ਹੈ ਅਤੇ ਜੇ ਕੋਈ ਮਨੁੱਖ ਉਸ ਦੀ ਨਿੰਦਾ ਕਰਦਾ ਵੀ ਹੈ ਤਾਂ ਫਿਰ ਵੀ ਰੱਬ ਦਾ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ:
ਹਰਿ ਜਨੁ ਰਾਮ ਨਾਮ ਗੁਨ ਗਾਵੈ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥
ਸੋ ਇਸ ਲਈ ਆਪਣੇ ਗੁਣ ਛੱਡ ਕੇ ਕਿਸੇ ਦੇ ਕਹੇ ਨਿੰਦਾ ਜਾਂ ਹੋਰ ਔਗੁਣਾਂ ਨੂੰ ਆਪਣੇ ਮਨ ਅੰਦਰ ਦਾਖਲ ਨਹੀਂ ਹੋਣ ਦੇਣਾ। ਚੁਗਲਖੋਰ ਦੀ ਗੱਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਤਾਂ ਹੀ ਗੁਰੂ ਸਾਹਿਬ ਇਕ ਥਾਂ ਕਹਿੰਦੇ ਨੇ:
ਨ ਸੁਣਈ ਕਹਿਆ ਚੁਗਲ ਕਾ।।
ਅੰਤ ਵਿਚ ਹੋਰ ਸਪੱਸ਼ਟ ਕਰਦਾ ਜਾਵਾਂ ਕਿ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ ਨੂੰ ਗੁਣ ਦੱਸਣ ਵਾਲਾ ਨਿੰਦਕ ਹੁੰਦਾ ਹੈ। ਕਿਸੇ ਗੱਲ ਨੂੰ ਵਧਾ-ਚੜ੍ਹਾਅ ਕੇ ਕਰਨ ਵਾਲਾ, ਨਾ ਹੋਈ ਗੱਲ ਨੂੰ ਹੋਈ ਕਹਿਣ ਵਾਲਾ, ਸਕੇ ਭਰਾਵਾਂ ਵਿਚ ਦਰਾੜ ਪੈਦਾ ਕਰਨ ਵਾਲਾ, ਕਿਸੇ ਦੀ ਧੀ-ਭੈਣ ਦੇ ਸਾਕ ਸਬੰਧੀ ਝੂਠ ਬੋਲ ਕੇ ਸਾਕ ਤੁੜਾਉਣ ਜਾਂ ਕਰਵਾਉਣ ਵਾਲਾ, ਦੋ ਮਨੁੱਖਾਂ/ਪਰਿਵਾਰਾਂ ਜਾਂ ਧਰਮਾਂ ਵਿਚ ਵੰਡੀਆਂ ਪੁਆ ਕੇ ਲੜਾਈਆਂ ਕਰਵਾਉਣ ਵਾਲਾ ਨਿੰਦਕ ਆਪਣਾ ਕਦੇ ਕੁਝ ਸੰਵਾਰ ਨਹੀਂ ਸਕਦਾ। ਨਿੰਦਾ ਚੁਗਲੀ ਕਰਨ ਵਾਲਾ ਮਨੁੱਖ ਭੇਤ ਖੁੱਲ੍ਹ ਜਾਣ ’ਤੇ ਸ਼ਰਮਿੰਦਗੀ ਹੀ ਖੱਟਦਾ ਹੈ। ਬੇਇੱਜ਼ਤ ਹੁੰਦਾ ਹੈ ਅਤੇ ‘ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ’ ਅਨੁਸਾਰ ਆਪਣਾ ਮੂੰਹ ਹੀ ਕਾਲਾ ਕਰਵਾਉਂਦਾ ਹੈ। ਨਾ ਆਪਣਾ ਕੁਝ ਸੰਵਾਰਦਾ ਹੈ ਨਾ ਆਪਣੇ ਟੱਬਰ ਦਾ ਕੁਝ ਸੰਵਾਰ ਸਕਦਾ ਹੈ ਸਗੋਂ ਪਰਾਈ ਨਿੰਦਾ ਵਿਚ ਪਿਆ ਆਪਣਾ ਜਨਮ ਗੁਆ ਲੈਂਦਾ ਹੈ, ਜਿਹਾ ਕਿ ਬਾਣੀ ਅੰਦਰ ਦਰਜ ਹੈ:
ਨਿੰਦਕਿ ਅਹਿਲਾ ਜਨਮੁ ਗਵਾਇਆ॥
ਸੋ ਆਉ! ਸਿਆਣੇ ਬਣੀਏ। ਸੁਚੇਤ ਰਹੀਏ। ਹਰ ਗੱਲ ਦੀ ਖ਼ੁਦ ਤਫਤੀਸ਼ ਕਰੀਏ। ਹਰ ਮੁੱਦੇ ਨੂੰ ਹਰ ਪੱਖ ਤੋਂ ਆਪ ਵਿਚਾਰੀਏ। ਕਿਸੇ ਦੀਆਂ ਗੱਲਾਂ ਵਿਚ ਆਉਣ ਦੀ ਥਾਂ ਆਪਣੇ ਦਿਮਾਗ਼ ਦੀ ਵਰਤੋਂ ਕਰੀਏ। ਨਿੰਦਕ ਅਤੇ ਸੱਚੇ ਬੰਦੇ ਦੇ ਭੇਦ ਨੂੰ ਸਮਝਣ ਵਾਲੀ ਸਮਝ ਆਪਣੇ ਅੰਦਰ ਪੈਦਾ ਕਰੀਏ ਕਿਉਂਕਿ ਯਾਦ ਰਹੇ ਸੱਚ ਨੂੰ ਸੱਚ ਕਹਿਣ ਵਾਲਾ ਚੁਗਲਖੋਰ/ਨਿੰਦਕ ਨਹੀਂ ਹੁੰਦਾ ਸਗੋਂ ਰਾਹ ਦਸੇਰਾ ਹੁੰਦਾ ਹੈ। ਇਸ ਸੱਚੇ ਅਤੇ ਨਿੰਦਕ ਦੇ ਭੇਦ ਨੂੰ ਸਮਝਣ ਦੀ ਕਾਬਲੀਅਤ ਆਪਣੇ ਅੰਦਰ ਪੈਦਾ ਕਰੀਏ।