ਗੁਰਮੀਤ ਸਿੰਘ*
ਇਹ ਸਰਦੀਆਂ ਵਿਚ ਪਰਵਾਸ ਕਰਨ ਵਾਲੀ ਮੁਰਗਾਬੀ ਹੈ। ਇਸ ਨੂੰ ਪੰਜਾਬੀ ਵਿਚ ਬੋਦਲ ਮੁਰਗਾਬੀ, ਅੰਗਰੇਜ਼ੀ ਵਿਚ ਟਫਟਿਡ ਡੱਕ (Tufted Duck) ਅਤੇ ਹਿੰਦੀ ਵਿਚ ਅਬਲਕ ਪੋਚਾਰਡ ਕਹਿੰਦੇ ਹਨ। ਇਹ ਛੋਟੀ ਜਿਹੀ ਗੋਤਾਖੋਰ ਬੱਤਖ ਹੈ ਜੋ ਉੱਤਰੀ ਯੂਰੇਸ਼ੀਆ ਵਿਚ ਪਾਈ ਜਾਂਦੀ ਹੈ। ਇਹ ਮੁਰਗਾਬੀ ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਉੱਤਰੀ ਹਿੱਸਿਆਂ ਵਿਚ ਪਰਵਾਸ ਕਰਦੀ ਹੈ। ਉਹ ਸਰਦੀਆਂ ਵਿਚ ਯੂਰਪ ਅਤੇ ਏਸ਼ੀਆ ਦੇ ਵਧੇਰੇ ਤਪਸ਼ਾਲੀ ਸਥਾਨਾਂ ’ਤੇ ਵੀ ਪਰਵਾਸ ਕਰਦੀ ਹੈ। ਬੋਦਲ ਮੁਰਗਾਬੀ ਛੱਪੜਾਂ, ਦਰਿਆਵਾਂ, ਨਮਧਰਤੀ, ਛੰਭਾਂ ਅਤੇ ਝੀਲਾਂ ਜਿੱਥੇ ਡੂੰਘਾ ਪਾਣੀ ਡੁੱਬਕੀ ਲਗਾਉਣ ਜੋਗਾ ਹੋਵੇ, ਵਿਚ ਪਰਵਾਸ ਕਰਦੀ ਹੈ। ਇਹ ਸਮਾਜਿਕ ਪੰਛੀ ਹੋਣ ਕਰਕੇ ਸਰਦੀਆਂ ਵਿਚ ਅਕਸਰ ਖੁੱਲ੍ਹੇ ਪਾਣੀ ਵਿਚ ਵੱਡੇ ਝੁੰਡ ਬਣਾਉਂਦੀ ਹੈ। ਇਹ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਪਾਣੀ ਵਿਚ ਬਿਤਾਉਂਦੇ ਹਨ।
ਬੋਦਲ ਮੁਰਗਾਬੀ ਦੇ ਨਰ ਦਾ ਸਿਰ, ਧੌਣ, ਹਿੱਕ, ਪਿੱਠ ਤੇ ਪੂੰਝਾ ਕਾਲਾ ਹੁੰਦਾ ਹੈ, ਬਾਕੀ ਹੇਠੋਂ ਸਾਰਾ ਚਿੱਟਾ ਹੁੰਦਾ ਹੈ। ਨਰ ਦੇ ਸਿਰ ਪਿੱਛੇ ਕਾਲੇ ਵਾਲਾਂ ਦੀ ਬੋਦੀ (ਟਫਟ) ਹੁੰਦੀ ਹੈ ਜਿਸ ਨਾਲ ਇਸ ਨੂੰ ਪਛਾਣਨਾ ਹੋਰ ਵੀ ਆਸਾਨ ਹੋ ਜਾਂਦਾ ਹੈ। ਨਰ ਦੀਆਂ ਅੱਖਾਂ ਸੁਨਹਿਰੀ-ਪੀਲੀਆਂ ਅਤੇ ਚੁੰਝ ਨੀਲੀ ਸਲੇਟੀ ਹੁੰਦੀ ਹੈ। ਇਸ ਕਰਕੇ ਹੀ ਇਸ ਨੂੰ ਟਫਟਿਡ ਡੱਕ ਜਾਂ ਬੋਦਲ ਮੁਰਗਾਬੀ ਕਿਹਾ ਜਾਂਦਾ ਹੈ। ਮਾਦਾ ਭੂਰੇ ਰੰਗ ਦੀ ਹੁੰਦੀ ਹੈ। ਇਹ ਹੇਠੋਂ ਘਸਮੈਲੇ ਰੰਗ ਦੀ ਹੁੰਦੀ ਹੈ। ਇਹ ਪੰਛੀ ਰਾਤ ਨੂੰ ਪਰਵਾਸ ਕਰਦੇ ਹਨ। ਇਹ ਪਾਣੀ ਵਿਚੋਂ ਖਾਣ ਲਈ ਘੋਗੇ, ਜਲ-ਕੀੜੇ, ਉਨ੍ਹਾਂ ਦੇ ਲਾਰਵੇ, ਜੜ੍ਹਾਂ, ਕੰਦ-ਮੂਲ ਅਤੇ ਜਲ-ਬਨਸਪਤੀ ਦੇ ਹੋਰ ਪਦਾਰਥ ਅਤੇ ਕਦੇ-ਕਦੇ ਛੋਟੀਆਂ ਮੱਛੀਆਂ ਦੀ ਵਰਤੋਂ ਵੀ ਕਰਦੇ ਹਨ। ਇਨ੍ਹਾਂ ਦਾ ਪ੍ਰਜਣਨ ਦਾ ਮੌਸਮ ਮਈ ਤੋਂ ਅਗਸਤ ਦੇ ਸ਼ੁਰੂ ਵਿਚ ਹੁੰਦਾ ਹੈ। ਨਰ ਅਤੇ ਮਾਦਾ ਦੀ ਜੋੜੀ ਪਰਵਾਸ ਵੇਲੇ ਹੀ ਬਣ ਜਾਂਦੀ ਹੈ। ਬੋਦਲ ਮੁਰਗਾਬੀਆਂ ਇਕੱਲੇ ਜਾਂ ਸਮੂਹਾਂ ਵਿਚ ਆਮ ਤੌਰ ’ਤੇ ਪਾਣੀ ਦੇ ਨੇੜੇ ਅਤੇ ਸੰਘਣੀ ਬਨਸਪਤੀ ਦੇ ਵਿਚਕਾਰ ਆਲ੍ਹਣਾ ਬਣਾਉਂਦੀਆਂ ਹਨ। ਇਹ ਪੰਛੀ ਜ਼ਿਆਦਾਤਰ ਇਕਾਂਤ ਵਿਚ ਰਹਿੰਦੇ ਹਨ। ਮਾਦਾ 8 ਤੋਂ 10 ਸਲੇਟੀ ਰੰਗੇ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ ਚੂਚੇ 26 ਤੋਂ 28 ਦਿਨਾਂ ਬਾਅਦ ਨਿਕਲ ਆਉਂਦੇ ਹਨ। ਇਸ ਸਮੇਂ ਦੌਰਾਨ ਨਰ ਦੂਸਰੇ ਬੋਦਲ ਨਰਾਂ ਨਾਲ ਝੁੰਡ ਬਣਾਉਣ ਲਈ ਚਲਾ ਜਾਂਦਾ ਹੈ। ਇਨ੍ਹਾਂ ਦੇ ਚੂਚੇ ਮਾਦਾ ਬੋਦਲ ਤੋਂ ਖਾਣਾ ਖਾਣ ਦੇ ਤੌਰ ਤਰੀਕੇ ਸਿੱਖ ਲੈਂਦੇ ਹਨ। ਇਹ 49 ਤੋਂ 56 ਦਿਨਾਂ ਬਾਅਦ ਸੁਤੰਤਰ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਇਕ ਸਾਲ ਤੋਂ ਬਾਅਦ ਜਣਨ ਦੇ ਯੋਗ ਹੋ ਜਾਂਦੇ ਹਨ।
ਬੋਦਲ ਮੁਰਗਾਬੀ ਨੂੰ ਸਰਦ ਰੁੱਤ ਵਿਚ ਹਰੀਕੇ, ਰੋਪੜ, ਨੰਗਲ ਦੀਆਂ ਨਮਧਰਤੀਆਂ ਅਤੇ ਪੰਜਾਬ ਦੇ ਕਈ ਡੈਮਾਂ ’ਤੇ ਵੇਖਿਆ ਜਾ ਸਕਦਾ ਹੈ। ਅੱਜ ਬੋਦਲ ਮੁਰਗਾਬੀਆਂ ਨੂੰ ਸਭ ਤੋਂ ਵੱਡਾ ਖ਼ਤਰਾ ਮਨੁੱਖੀ ਵਿਕਾਸ, ਡਰੇਨੇਜ਼, ਪ੍ਰਦੂਸ਼ਣ ਅਤੇ ਤੇਲ ਦੇ ਪਾਣੀ ਵਿਚ ਮਿਲਣ ਤੋਂ ਹੈ। ਬੇਸ਼ੱਕ ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਇਨ੍ਹਾਂ ਪੰਛੀਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਇਆ ਹੈ, ਪਰ ਫਿਰ ਵੀ ਇਸ ਵੇਲੇ ਇਨ੍ਹਾਂ ਸੁੰਦਰ ਪੰਛੀਆਂ ਦੇ ਵਾਸ ਨੂੰ ਸੁਰੱਖਿਅਤ ਰੱਖਣ ਲਈ ਸਭ ਦੇ ਸਹਿਯੋਗ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910