ਸੁਖਵੀਰ ਸਿੰਘ ਕੰਗ
ਪੀਚੋ ਛੋਟੀਆਂ ਕੁੜੀਆਂ ਦੀ ਘਰ ਦੇ ਵਿਹੜੇ, ਗਲੀਆਂ ਜਾਂ ਸਕੂਲ ਦੇ ਮੈਦਾਨ ਵਿਚ ਖੇਡੀ ਜਾਣ ਵਾਲੀ ਬਹੁਤ ਹਰਮਨ ਪਿਆਰੀ ਖੇਡ ਰਹੀ ਹੈ। ਕੋਈ ਸਮਾਂ ਸੀ ਜਦੋਂ ਪੀਚੋ ਖੇਡਣ ਵਿਚ ਮਸਤ ਕੁੜੀਆਂ ਖਾਣਾ-ਪੀਣਾ ਅਤੇ ਕੰਮ-ਧੰਦੇ ਵੀ ਭੁੱਲ ਜਾਇਆ ਕਰਦੀਆਂ ਸਨ। ਪੀਚੋ ਬਾਰੇ ਸਰਸਰੀ ਗੱਲ ਕਰਦਿਆਂ ਅਸੀਂ ਆਮ ਤੌਰ ’ਤੇ ਇਸ ਨੂੰ ਧਰਤੀ ਉੱਪਰ ਲਕੀਰਾਂ ਮਾਰ ਕੇ ਕਿਸੇ ਡੀਕਰੀ ਜਾਂ ਠੀਕਰ ਦੇ ਦੋ ਢਾਈ ਇੰਚ ਦੇ ਟੁਕੜੇ ਨਾਲ ਖੇਡੀ ਜਾਣ ਵਾਲੀ ਸਾਧਾਰਨ ਖੇਡ ਤਕ ਸੀਮਤ ਕਰਕੇ ਦੇਖਦੇ ਹਾਂ, ਪਰ ਜਦੋਂ ਅਸੀਂ ਇਸ ਬਾਰੇ ਡੁੰਘਾਈ ਵਿਚ ਪੜਤਾਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਜਿੰਨੀ ਸਾਦੀ ਤੇ ਸੁਖਾਲੀ ਹੈ ਓਨੀ ਸਾਧਾਰਨ ਨਹੀਂ, ਸਗੋਂ ਇਹ ਤਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਲੋੜੀਂਦੇ ਮੁਹਾਰਤੀ ਗੁਣਾਂ ਦਾ ਖਜ਼ਾਨਾ ਹੈ। ਆਮ ਜਿਹੀ ਸਮਝੀ ਜਾਂਦੀ ਇਸ ਖੇਡ ਦੇ ਇਤਿਹਾਸ ਨੂੰ ਫਰੋਲੀਏ ਤਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਇਸ ਦਾ ਪਿਛੋਕੜ ਬੜਾ ਪ੍ਰਾਚੀਨ ਅਤੇ ਦਿਲਚਸਪ ਹੈ, ਉੱਥੇ ਇਸ ਦੇ ਖੇਡੇ ਜਾਣ ਦਾ ਵਿਸ਼ਾਲ ਬਹੁ-ਮੁਲਕੀ ਦਾਇਰਾ ਵੀ ਹੈਰਾਨ ਕਰਨ ਵਾਲਾ ਹੈ।
ਸੰਸਾਰ ਭਰ ਦੇ ਵੱਡੀ ਗਿਣਤੀ ਦੇਸ਼ਾਂ ਦੀਆਂ ਪੇਂਡੂ ਗਲੀਆਂ ਦੀਆਂ ਪੁਰਾਤਨ ਅਤੇ ਪ੍ਰਚੱਲਿਤ ਮਨੋਰੰਜਕ ਖੇਡਾਂ ਵਿਚੋਂ ਇਕ, ਇਸ ਖੇਡ ਪੀਚੋ ਦਾ ਇਤਿਹਾਸ ਲਗਭਗ ਤਿੰਨ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਭਾਵੇਂ ਕਿ ਇਸ ਬਾਰੇ ਕੋਈ ਜ਼ਿਕਰਯੋਗ ਤੱਥ ਮੌਜੂਦ ਨਹੀਂ ਹੈ, ਪਰ ਪਹਿਲੀ ਵਾਰ ਇਸ ਦਾ ਉਪਯੋਗ ਪੁਰਾਤਨ ਯੂਨਾਨੀ ਸਾਮਰਾਜ ਦੇ ਸਮੇਂ ਸੈਨਿਕਾਂ ਦੇ ਸਰੀਰਕ ਅਭਿਆਸ ਲਈ ਕੀਤਾ ਗਿਆ ਸੀ। ਚੀਨ ਅਤੇ ਬਰਤਾਨੀਆ ਦੇ ਪੈਦਲ ਸੈਨਿਕਾਂ ਵਿਚ ਸਰੀਰਕ ਕੁਸ਼ਲਤਾ ਵਧਾਉਣ ਦੇ ਮਕਸਦ ਨਾਲ ਸਿਖਲਾਈ ਦੌਰਾਨ ਆਪਣੇ ਪੂਰੇ ਅਸਲੇ ਅਤੇ ਹੋਰ ਸਾਮਾਨ ਸਮੇਤ ਸੈਂਕੜੇ ਫੁੱਟ ਲੰਬੇ ਪੀਚੋ ਦੇ ਖਾਕੇ ਵਿਚ ਅਭਿਆਸ ਕਰਵਾਇਆ ਜਾਂਦਾ ਸੀ। ਇਸ ਤਰ੍ਹਾਂ ਸੈਨਿਕਾਂ ਦੀ ਨਿਪੁੰਨਤਾ ਦਾ ਪੈਮਾਨਾ ਰਹੀ ਇਹ ਖੇਡ ਹੌਲੀ-ਹੌਲੀ ਫ਼ੌਜੀ ਕੈਂਪਾਂ ਵਿਚੋਂ ਨਿਕਲ ਕੇ ਨਵਾਂ ਆਸਾਨ ਅਤੇ ਮਨੋਰੰਜਕ ਰੂਪ ਲੈ ਕੇ ਪਿੰਡਾਂ ਦੀਆਂ ਗਲੀਆਂ ਤੋਂ ਅੱਗੇ ਵਧਕੇ ਸਕੂਲਾਂ ਦੇ ਮੈਦਾਨਾਂ ਦੀ ਦਿਲਚਸਪ ਖੇਡ ਬਣ ਗਈ। ਫ਼ੌਜੀ ਸਿਖਲਾਈ ਦੇ ਪਿੜਾਂ ਵਿਚੋਂ ਨਿਕਲੀ ਹੋਣ ਸਦਕਾ ਭਾਵੇਂ ਇਹ ਮੁੰਡਿਆਂ ਦੁਆਰਾ ਵੀ ਖੇਡ ਲਈ ਜਾਂਦੀ ਸੀ, ਪਰ ਬਹੁਤੀ ਪ੍ਰਚੱਲਿਤ ਅਤੇ ਹਰਮਨ ਪਿਆਰੀ ਕੁੜੀਆਂ ਵਿਚ ਹੀ ਰਹੀ ਹੈ, ਕਿਉਂਕਿ ਇਸ ਵਾਸਤੇ ਬਹੁਤੇ ਸਰੀਰਕ ਬਲ ਦੀ ਲੋੜ ਨਹੀਂ ਪੈਂਦੀ ਬਲਕਿ ਇਸ ਦੀ ਖੋਜ ਹੀ ਮੁਹਾਰਤ, ਨਿਪੁੰਨਤਾ, ਪਕੜ ਅਤੇ ਸੰਤੁਲਨ ਦੀ ਕਸਰਤ ਵਜੋਂ ਹੋਈ ਸੀ। ਯੂਰਪ ਵਿਚ ਸਤਾਰ੍ਹਵੀਂ ਸਦੀ ਦੌਰਾਨ ਇਸ ਖੇਡ ਦੇ ਮੁਕਾਬਲੇ ਕਰਵਾਏ ਜਾਣ ਦਾ ਜ਼ਿਕਰ ਵੀ ਮਿਲਦਾ ਹੈ। ਔਕਸਫੋਰਡ ਡਿਕਸ਼ਨਰੀ ਵੱਲੋਂ ਇਸ ਦੇ ਮੂਲ ਆਧਾਰ Hop (ਛੜੱਪਾ) ਅਤੇ Scotch (ਝਰੀਟ ਨਾਲ ਬਣਿਆ ਆਕਾਰ) ਤੋਂ ਦਿੱਤੇ ਨਾਮ ਹੌਪਸਕੌਚ (Hopscotch) ਨਾਲ ਜਾਣੀ ਜਾਂਦੀ ਇਸ ਖੇਡ ਦਾ ਲਿਖਤੀ ਜ਼ਿਕਰ ਵੀ 1677 ਵਿਚ ਛਪੀ ਪੂਅਰ ਰਾਬਿਨ ਦੀ ਤਿੱਥ-ਪੱਤ੍ਰਿਕਾ ਵਿਚ ਅਤੇ ਫਰਾਂਸਿਸ ਵਿਲੰਗਬੀ ਦੁਆਰਾ 1635 ਤੋਂ 1672 ਵਿਚਕਾਰ ਖੇਡਾਂ ਬਾਰੇ ਸੰਕਲਿਤ ਪਾਂਡੂਲਿਪੀ ਵਿਚ ਸਕੌਚ ਹੌਪਰਜ਼ ਦੇ ਤੌਰ ’ਤੇ ਦਰਜ ਹੈ।
ਭਾਰਤ ਅੰਦਰ ਹੀ ਅਨੇਕ ਤਰ੍ਹਾਂ ਨਾਲ ਖੇਡੀ ਜਾਂਦੀ ਇਸ ਖੇਡ ਦੇ ਦੁਨੀਆ ਭਰ ਵਿਚ ਵੱਡੀ ਗਿਣਤੀ ਮੁਲਕਾਂ ਵਿਚ ਵੱਖ-ਵੱਖ ਵਿਧੀਆਂ ਅਤੇ ਨਿਯਮਾਂ ਹੇਠ ਖੇਡੇ ਜਾਣ ਦੀ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਬਰਤਾਨੀਆ, ਫਰਾਂਸ, ਲਾਤੀਨੀ ਅਮਰੀਕਾ, ਸਵਿਟਜ਼ਰਲੈਂਡ, ਬ੍ਰਾਜ਼ੀਲ, ਸਪੇਨ, ਤੁਰਕੀ, ਰੂਸ, ਪੋਲੈਂਡ, ਸਵੀਡਨ, ਨਾਰਵੇ, ਇਟਲੀ, ਬੋਸਨੀਆ, ਮੈਕਸੀਕੋ, ਜਰਮਨੀ, ਆਸਟਰੀਆ, ਆਸਟਰੇਲੀਆ, ਅਰਜਨਟੀਨਾ, ਘਾਨਾ, ਕੋਸਟਾ ਰੀਕਾ, ਨਿਕਾਰਾਗੂਆ, ਹੌਂਡੂਰਸ, ਉਰੂਗੁਏ, ਗੁਆਟੇਮਾਲਾ, ਅਲਬਾਨੀਆ, ਸਰਬੀਆ, ਕ੍ਰੋਏਸ਼ੀਆ, ਮਲੇਸ਼ੀਆ ਆਦਿ ਸ਼ਾਮਲ ਹਨ। ਇਸ ਤਰ੍ਹਾਂ ਸੈਨਿਕਾਂ ਦੇ ਅਭਿਆਸ ਵਿਚੋਂ ਉਪਜੀ ਇਸ ਖੇਡ ਤੋਂ ਪ੍ਰੇਰਿਤ ਹੋ ਕੇ ਪਹਿਲਾਂ ਯੂਰਪ ਅਤੇ ਫਿਰ ਦੁਨੀਆ ਭਰ ਦੇ ਬੱਚਿਆਂ ਨੇ ਇਸ ਨੂੰ ਸੌਖਾ ਕਰਕੇ ਅਤੇ ਨੰਬਰਾਂ ਵਾਲੇ ਪੜਾਵਾਂ ਵਿਚ ਪਰੋ ਕੇ ਨਵਾਂ ਰੂਪ ਦੇ ਕੇ ਮਨੋਰੰਜਨ ਲਈ ਅਪਣਾ ਲਿਆ। ਹਰ ਮੁਲਕ ਵਿਚ ਇਹ ਖੇਡ ਵੱਖੋ-ਵੱਖਰੇ ਨਾਵਾਂ ਨਾਲ ਪੁਕਾਰੀ ਜਾਂਦੀ ਹੈ। ਭਾਰਤ ਵਿਚ ਵੀ ਹਰ ਰਾਜ ਵਿਚ ਇਸ ਦਾ ਨਾਂ ਵੱਖਰਾ ਹੈ। ਭਾਰਤ ਵਿਚ ਇਹ ਖੇਡ ਬਰਤਾਨੀਆ ਰਾਹੀਂ ਪਹੁੰਚੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਨਾਲ ਸਬੰਧਤ ਕੁਝ ਸ਼ਬਦਾਵਲੀ ਅੰਗਰੇਜ਼ੀ ਦੀ ਵੀ ਵਰਤੀ ਜਾਂਦੀ ਹੈ ਅਤੇ ਕੁਝ ਵਾਕ ਅੰਗਰੇਜ਼ੀ ਤੋਂ ਵਿਗੜੇ ਹੋਏ ਵੀ ਹਨ ਜਿਵੇਂ ਕਿ ਸਾਰੇ ਖਾਨੇ ਸਰ ਕਰ ਲੈਣ ਤੋਂ ਬਾਅਦ ਜਦੋਂ ਅੱਖਾਂ ਬੰਦ ਕਰਕੇ ਖਾਨਿਆਂ ਨੂੰ ਪਾਰ ਕਰਨਾ ਹੁੰਦਾ ਹੈ ਤਾਂ ਮਾਲਵੇ ਦੇ ਕੁਝ ਖੇਤਰ ਵਿਚ ਖਾਕਾ ਪਾਰ ਕਰਨ ਵਾਲਾ ਬੱਚਾ ਹਰ ਖਾਨੇ ਵਿਚ ਰੁਕ ਕੇ ਪੁੱਛਦਾ ਹੈ ‘ਐੜ ਬੈੜ’ ਤਾਂ ਸਹੀ ਹੋਣ ’ਤੇ ਦੂਸਰਾ ਬੱਚਾ ‘ਯੈੱਸ’ ਬੋਲਦਾ ਹੈ। ਇਹ ‘ਐੜ ਬੈੜ’ ਅੰਗਰੇਜ਼ੀ ਦੇ ਵਾਕ ‘ਐੱਮ ਆਈ ਰਾਈਟ?’ ਭਾਵ ‘ਕੀ ਮੈਂ ਸਹੀ ਹਾਂ?’ ਦਾ ਹੀ ਵਿਗੜਿਆ ਰੂਪ ਹੋ ਸਕਦਾ ਹੈ।
ਵਿਸ਼ਵ ਭਰ ਦੇ ਦੇਸ਼ਾਂ ਵਿਚ ਪੌਟਸੀ, ਰੂਏਲਾ, ਲੇ-ਲੇ, ਟੁਮਾਟੂ, ਕਿਥ-ਕਿਥ, ਹਿਮਲ-ਹੋਲੇ, ਮਾਰੇਲੇ, ਪੀਵਰ, ਸੈਕ-ਸੈਕ, ਕਲਾਸੀ, ਪਿਕੋ, ਰਸਾਵੀ, ਪਾਡਾ, ਸਕੋਲਿਕਾ ਆਦਿ ਨਾਵਾਂ ਨਾਲ ਖੇਡੀ ਜਾਂਦੀ ਇਸ ਖੇਡ ਦੇ ਨਾਮ, ਨਿਯਮ, ਆਕਾਰ ਜਾਂ ਬਣਤਰ ਤਾਂ ਵੱਖਰੀ-ਵੱਖਰੀ ਹੈ, ਪਰ ਇਸ ਦਾ ਮੁੱਢ ਅਤੇ ਵਿਧੀ ਇਕ ਹੀ ਹੈ। ਭਾਰਤ ਵਿਚ ਵੀ ਰਾਜਾਂ ਅਤੇ ਇਲਾਕਿਆਂ ਅਨੁਸਾਰ ਇਸ ਨੂੰ ਪਾਂਡੀ, ਕੁੰਟੇ-ਬਿੱਲੇ, ਲੰਗੜੀਪਨੀ, ਠੀਕਰੀਆਂ ਆਦਿ ਦੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਪੰਜਾਬ ਵਿਚ ਇਸ ਨੂੰ ਪੀਚੋ, ਪੀਚੋ ਬੱਕਰੀ, ਸਮੁੰਦਰ ਪਟੜਾ, ਅੱਡਾ-ਖੱਡਾ ਜਾਂ ਅੱਡੀ-ਟੱਪਾ ਕਹਿ ਲਿਆ ਜਾਂਦਾ ਹੈ। ਪੀਚੋ ਖੇਡਣ ਲਈ ਧਰਤੀ ਉੱਪਰ ਕਿਸੇ ਨੁਕੀਲੀ ਚੀਜ਼ ਨਾਲ ਅਤੇ ਪੱਕੀ ਥਾਂ ਉੱਪਰ ਕਿਸੇ ਚਾਕ ਜਾਂ ਰੰਗ ਛੱਡਣ ਵਾਲੀ ਚੀਜ਼ (ਦੋਹਾਂ ਹਾਲਤਾਂ ਵਿਚ ਘੜੇ ਦੀ ਠੀਕਰੀ ਫਿੱਟ ਬੈਠਦੀ ਹੈ) ਨਾਲ ਦਸ ਜਾਂ ਅੱਠ ਖਾਨੇ ਬਣਾਏ ਜਾਂਦੇ ਹਨ। ਇਹ ਖਾਨੇ ਪੰਜ ਜਾਂ ਚਾਰ ਕਰਕੇ ਵਿਚਕਾਰਲੀ ਲਾਈਨ ਸਾਂਝੀ ਰੱਖ ਕੇ ਬਣਾਏ ਜਾਂਦੇ ਹਨ ਅਤੇ ਸਿਖਰਲਾ ਖਾਨਾ ਵੱਡਾ ਭਾਵ ਦੋਹਾਂ ਲਾਈਨਾਂ ਦੇ ਨਾਪ ਦਾ ਇਹ ਇਕੋ ਖਾਨਾ ਹੁੰਦਾ ਹੈ। ਇਸ ਸਾਂਝੇ ਖਾਨੇ ਨੂੰ ਆਸਮਾਨ, ਸਮੁੰਦਰ, ਸਾਂਝਾ ਘਰ ਜਾਂ ਲੰਡਨ ਆਦਿ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਇਹ ਅਰਧ ਗੋਲਾਕਾਰ ਵੀ ਹੋ ਸਕਦਾ ਹੈ। ਕਈ ਥਾਈਂ ਨੰਬਰਾਂ ਅਨੁਸਾਰ ਪਹਿਲੇ ਖਾਨੇ ਨੂੰ ਧਰਤੀ, ਆਖਰੀ ਤੋਂ ਪਹਿਲੇ ਖਾਨੇ ਨੂੰ ਨਰਕ ਅਤੇ ਆਖਰੀ ਖਾਨੇ ਨੂੰ ਸਵਰਗ ਵੀ ਕਹਿ ਲਿਆ ਜਾਂਦਾ ਹੈ। ਇਹ ਖਾਨੇ ਆਮ ਕਰਕੇ ਆਇਤਾਕਾਰ ਹੁੰਦੇ ਹਨ, ਪਰ ਇਹ ਵਰਗਾਕਾਰ ਵੀ ਹੋ ਸਕਦੇ ਹਨ ਅਤੇ ਕਈ ਵੰਨਗੀਆਂ ਵਿਚ ਇਹ ਗੋਲਾਕਾਰ ਜਾਂ ਘੋਗੇ ਦੀ ਸ਼ਕਲ ਦੇ ਘੁਮਾਓਦਾਰ ਵੀ ਬਣਾਏ ਜਾਂਦੇ ਹਨ। ਇਸ ਖਾਕੇ ਦੀ ਰਚਨਾ ਵਿਚ ਬਹੁਤ ਵੰਨ-ਸੁਵੰਨਤਾ ਪਾਈ ਜਾਂਦੀ ਹੈ। ਪੀਚੋ ਦੇ ਖਾਕੇ ਦੀ ਬਣਤਰ ਅਤੇ ਇਸ ਦੇ ਖਾਨਿਆਂ ਦੀ ਤਰਤੀਬ ਇਲਾਕਿਆਂ, ਰਾਜਾਂ ਅਤੇ ਦੇਸ਼ਾਂ ਅਨੁਸਾਰ ਬਹੁਤ ਵੱਖੋ-ਵੱਖਰੀ ਦੇਖਣ ਨੂੰ ਮਿਲਦੀ ਹੈ। ਭਾਰਤ ਜਾਂ ਪੰਜਾਬ ਵਿਚ ਇਹ ਸਰਲ ਅਤੇ ਗੁੰਝਲਦਾਰ ਦੋ ਤਰ੍ਹਾਂ ਨਾਲ ਖੇਡੀ ਜਾਂਦੀ ਹੈ। ਸਰਲ ਖੇਡ ਦੇ ਖਾਨੇ ਇਕਹਿਰੇ ਹੁੰਦੇ ਹਨ ਅਤੇ ਗੁੰਝਲਦਾਰ ਦੇ ਕਈ ਰੂਪ ਪ੍ਰਚੱਲਿਤ ਹਨ। ਗੁੰਝਲਦਾਰ ਖਾਕੇ ਦੇ ਖਾਨੇ ਦੋਹਰੇ ਹੋਣ ਦੇ ਨਾਲ ਤਿਕੋਣੇ ਵੀ ਹੋ ਸਕਦੇ ਹਨ। ਪੀਚੋ ਦੇ ਪੂਰੇ ਖਾਕੇ ਨੂੰ ਪਾੜਾ ਜਾਂ ਪਿੜ ਵੀ ਕਹਿ ਲਿਆ ਜਾਂਦਾ ਹੈ। ਇਸ ਖੇਡ ਨੂੰ ਖੇਡਣ ਲਈ ਦੂਸਰੀ ਜ਼ਰੂਰੀ ਚੀਜ਼ ਹੈ ਡੀਟੀ ਜੋ ਕਿਸੇ ਘੜੇ ਵਰਗੇ ਪਕਾਈ ਮਿੱਟੀ ਦੇ ਬਰਤਨ ਦਾ ਠੀਕਰ, ਕੋਈ ਦੋ ਪਾਸਿਓਂ ਸਮਤਲ ਪੱਥਰ ਦਾ ਟੁਕੜਾ, ਥੋਥੀ ਵਸਤੂ ਨਾਲ ਭਰੀ ਥੈਲੀ, ਲੀਰਾਂ ਦੀ ਖਿੱਦੋ ਜਾਂ ਟਾਈਟ ਢੱਕਣ ਨਾਲ ਬੰਦ ਕੀਤੀ ਖਾਲੀ ਪਾਲਿਸ਼ ਦੀ ਡੱਬੀ, ਜਿਸ ਨੂੰ ਇਕ ਲੱਤ ਭਾਰ ਟੱਪਦਿਆਂ ਉਸੇ ਪੈਰ ਨਾਲ ਠੋਕਰ ਜਾਂ ਠੁੱਡ ਮਾਰ ਕੇ ਅਗਲੇ ਖਾਨੇ ਵਿਚ ਪਾਰ ਕੀਤਾ ਜਾਂਦਾ ਹੈ। ਨੰਬਰਾਂ ਤੇ ਖਾਨਿਆਂ ਉੱਪਰ ਆਧਾਰਿਤ ਹੋਣ ਅਤੇ ਇਕ ਪੈਰ ’ਤੇ ਟੱਪਦਿਆਂ ਖੇਡੇ ਜਾਣ ਕਰਕੇ ਇਸ ਨੂੰ ਖੱਡਾ-ਡੀਟੀ, ਇਕਾ-ਦੁੱਕਾ ਜਾਂ ਛਟਾਪੂ ਵੀ ਕਹਿ ਲਿਆ ਜਾਂਦਾ ਹੈ। ਇਸ ਨੂੰ ਖੇਡਣ ਦੇ ਨਿਯਮ ਵੀ ਖਾਕੇ ਦੀ ਬਣਤਰ ਵਾਂਗ ਇਲਾਕੇ ਅਤੇ ਮੁਲਕ ਅਨੁਸਾਰ ਵੱਖਰੇ ਪਾਏ ਜਾਂਦੇ ਹਨ। ਪਰ ਪੰਜਾਬ ਵਿਚ ਆਮ ਕਰਕੇ ਇਕ ਸਾਂਝੀ ਲਾਈਨ ਦੇ ਦੋਵੇਂ ਪਾਸੇ ਪੰਜ ਖਾਨੇ ਬਣਾ ਕੇ ਖੇਡੀ ਜਾਂਦੀ ਹੈ ਜਿਸ ਵਿਚ ਦੋ ਖਿਡਾਰੀ ਆਪੋ ਆਪਣੇ ਪਾਸੇ ਤੋਂ ਖਾਨੇ ਪ੍ਰਤੀ ਡੀਟੀ ਸੁੱਟ ਕੇ ਇਕ ਲੱਤ ਤੇ ਛੜੱਪੇ ਮਾਰ ਕੇ ਟੱਪਦਿਆਂ ਪੈਰ ਨਾਲ ਠੁੱਡ ਜਾਂ ਠੋਕਰ ਮਾਰ ਕੇ ਅੱਗੇ ਵਧਦਿਆਂ ਇਕ ਇਕ ਕਰਕੇ ਕ੍ਰਮਵਾਰ ਸਾਰੇ ਖਾਨੇ ਸਰ ਕਰਦੇ ਹਨ। ਇਸ ਵਰਤਾਰੇ ਦੌਰਾਨ ਖਿਡਾਰੀ ਦਾ ਸੰਤੁਲਨ ਵਿਗੜਨ ਜਾਂ ਕਿਸੇ ਹੋਰ ਕਾਰਨ ਦੂਜਾ ਪੈਰ ਹੇਠਾਂ ਨਹੀਂ ਲੱਗਣਾ ਚਾਹੀਦਾ, ਡੀਟੀ ਸੁੱਟਣ ਵੇਲੇ ਉਹ ਗ਼ਲਤ ਖਾਨੇ ਵਿਚ ਜਾਂ ਲਾਈਨ ’ਤੇ ਨਹੀਂ ਡਿੱਗਣੀ ਚਾਹੀਦੀ, ਉਸ ਦਾ ਪੈਰ ਲਾਈਨ ਦੇ ਉੱਪਰ ਨਹੀਂ ਆਉਣਾ ਚਾਹੀਦਾ ਅਤੇ ਨਾ ਹੀ ਠੋਕਰ ਮਾਰਿਆਂ ਡੀਟੀ ਲਾਈਨ ’ਤੇ ਆਉਣੀ ਚਾਹੀਦੀ ਹੈ। ਅਜਿਹਾ ਹੋਣ ’ਤੇ ਉਹ ਆਪਣੀ ਮੀਤੀ ਗੁਆ ਬੈਠਦਾ ਹੈ ਅਤੇ ਦੂਸਰੇ ਖਿਡਾਰੀ ਨੂੰ ਵਾਰੀ ਦੇ ਦਿੰਦਾ ਹੈ। ਸਾਰੇ ਖਾਨੇ ਸਰ ਕਰ ਲੈਣ ਤੋਂ ਬਾਅਦ ਖਿਡਾਰੀ ਸਿਖਰਲੇ ਸਾਂਝੇ ਖਾਨੇ ਵਿਚ ਡੀਟੀ ਸੁੱਟ ਕੇ ਅੱਖਾਂ ਬੰਦ ਕਰਕੇ ਅਤੇ ਮੂੰਹ ਉੱਪਰ ਵੱਲ ਕਰਕੇ ਸਾਂਝੀ ਲਾਈਨ ਦੇ ਦੋਵੇਂ ਪਾਸੇ ਬਰਾਬਰ ਦੇ ਖਾਨਿਆਂ ਵਿਚ ਇਕ-ਇਕ ਪੈਰ ਰੱਖ ਕੇ ਕਦਮ ਪੁੱਟਦਿਆਂ ਸਿਖਰਲੇ ਵੱਡੇ ਖਾਨੇ ਵਿਚ ਪਹੁੰਚ ਕੇ ਬਾਹਰ ਵੱਲ ਮੂੰਹ ਰੱਖ ਕੇ ਪਿੱਠ ਵੱਲ ਡੀਟੀ ਸੁੱਟਦਾ ਹੈ, ਜਿਸ ਖਾਨੇ ਵਿਚ ਡੀਟੀ ਡਿੱਗਦੀ ਹੈ ਉਹ ਖਾਨਾ ਉਸ ਦਾ ਘਰ ਬਣ ਜਾਂਦਾ ਹੈ, ਇਸ ਖਾਨੇ ਨੂੰ ਉਸ ਖਿਡਾਰੀ ਨੂੰ ਦੁਬਾਰਾ ਸਰ ਨਹੀਂ ਕਰਨਾ ਪੈਂਦਾ ਅਤੇ ਇਸ ਖਾਨੇ ਵਿਚ ਉਹ ਦੋਵੇਂ ਪੈਰ ਲਗਾ ਸਕਦਾ ਹੈ, ਪਰ ਦੂਸਰੇ ਖਿਡਾਰੀ ਨੂੰ ਇਹ ਖਾਨਾ ਟੱਪ ਕੇ ਪਾਰ ਕਰਨਾ ਪੈਂਦਾ ਹੈ। ਖਾਨੇ ਸਰ ਕਰਨ, ਘਰ ਬਣਾਉਣ, ਮੀਤੀ ਗੁਆਉਣ ਅਤੇ ਫਿਰ ਮੀਤੀ ਲੈਣ ਦਾ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ।
ਇਸ ਖੇਡ ਦੀ ਦੁਨਿਆਵੀ ਲੋਕਪ੍ਰਿਅਤਾ ਇਸ ਗੱਲ ਤੋਂ ਵੀ ਸਾਬਤ ਹੁੰਦੀ ਹੈ ਕਿ ਇਸ ਸਬੰਧੀ ਕੁਝ ਵਿਸ਼ਵ ਰਿਕਾਰਡ ਵੀ ਮੌਜੂਦ ਹਨ। ਇਸ ਖੇਡ ਨੂੰ ਤੇਜ਼ੀ ਨਾਲ ਪੂਰੀ ਕਰਨ ਦਾ ਗਿੰਨੀਜ਼ ਬੁੱਕ ਵਿਸ਼ਵ ਰਿਕਾਰਡ ਅਸ਼ਰਿਤਾ ਫਰਮਨ ਨਾਂ ਦੇ ਅਮਰੀਕਨ ਨੇ 2010 ਵਿਚ ਇਕ ਮਿੰਟ ਦੋ ਸੈਕਿੰਡ ਤੋਂ ਵੀ ਘੱਟ ਦਾ ਸਮਾਂ ਲੈ ਕੇ ਬਣਾਇਆ। ਇਸ ਤੋਂ ਪਹਿਲਾਂ ਇਹ ਡੈਨ’ਓ ਬ੍ਰਾਇਨ ਦੇ ਨਾਂ ਸੀ। ਇਸੇ ਤਰ੍ਹਾਂ ਚੀਨ ਦੇ ਸ਼ਹਿਰ ਗੁਆਂਗਜ਼ੂ ਵਿਚ 2016 ਵਿਚ ਇਕ ਬੱਚਿਆਂ ਦੇ ਮੇਲੇ ਦੌਰਾਨ 20145 ਫੁੱਟ ਲੰਬਾ ਖਾਕਾ ਬਣਾਇਆ ਗਿਆ। ਇਸ ਤੋਂ ਇਲਾਵਾ 2019 ਵਿਚ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿਚ ਫੇਫੜਿਆਂ ਵਾਸਤੇ ਲੱਤਾਂ ਦੀ ਕਸਰਤ ਦੇ ਮਕਸਦ ਨਾਲ ਪੀਚੋ ਦਾ 21125 ਫੁੱਟ ਦਾ ਖਾਕਾ ਬਣਾ ਕੇ ਇਸ ਖੇਡ ਦੇ ਮਹੱਤਵ ਨੂੰ ਪ੍ਰਚਾਰਿਆ ਗਿਆ। ਇਸ ਦੇ ਕਸਰਤੀ ਗੁਣਾਂ ਨੂੰ ਉਭਾਰਨ ਲਈ 20 ਮਈ 2019 ਨੂੰ ਬਰਤਾਨੀਆ ਦੇ ਸ਼ੈਫੀਲਡ ਵਿਚ 664 ਲੋਕਾਂ ਨੇ ਇਕੋ ਸਮੇਂ ਪੀਚੋ ਖੇਡੀ। ਵਿਸ਼ਵ ਰਿਕਾਰਡਾਂ ਤੋਂ ਇਲਾਵਾ ਇਸ ਖੇਡ ਸਬੰਧੀ ਹੋਰ ਵੀ ਦਿਲਚਸਪ ਜਾਣਕਾਰੀਆਂ ਅਤੇ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ।
ਇਸ ਖੇਡ ਅਤੇ ਇਸ ਨੂੰ ਖੇਡਣ ਦੀ ਪ੍ਰਕਿਰਿਆ ਨੂੰ ਡੁੰਘਾਈ ਵਿਚ ਵਾਚਣ ਤੇ ਘੋਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਨੂੰ ਖੇਡਦੇ ਰਹਿਣ ਨਾਲ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਨਿਪੁੰਨਤਾ ਦੇ ਨਾਲ ਹੋਰ ਬਹੁਤ ਸਾਰੇ ਗੁਣਾਂ ਵਿਚ ਵਾਧਾ ਹੁੰਦਾ ਹੈ। ਇਹ ਕੇਵਲ ਮਨੋਰੰਜਕ ਹੀ ਨਹੀਂ ਬਲਕਿ ਸਿੱਖਿਆਦਾਇਕ ਵੀ ਹੈ। ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਮਨੋਰੰਜਨ ਦਾ ਚੰਗਾ ਸਾਧਨ ਹੈ ਅਤੇ ਵਿਹਲੇ ਸਮੇਂ ਦੀ ਚੰਗੀ ਸਰੀਰਕ ਕਸਰਤ ਹੈ। ਇਹ ਸਰੀਰ ਉੱਪਰ ਕਾਬੂ ਤੇ ਸੰਤੁਲਨ ਬਣਾਉਣ ਦੀ ਕਲਾ ਹੈ। ਇਸ ਨਾਲ ਅੱਖਾਂ, ਹੱਥਾਂ, ਲੱਤਾਂ ਅਤੇ ਪੈਰਾਂ ਦਾ ਤਾਲਮੇਲ ਬਿਠਾ ਕੇ ਰੱਖਣ ਦੀ ਜਾਂਚ ਆਉਂਦੀ ਹੈ। ਬੱਚਿਆਂ ਵਿਚ ਮਿਲਵਰਤਨ, ਕੋਸ਼ਿਸ਼ ਵਿਚ ਲਗਾਤਾਰਤਾ, ਸੰਜਮ ਅਤੇ ਮੁਕਾਬਲੇ ਦੀ ਭਾਵਨਾ ਉਪਜਦੀ ਹੈ। ਛੋਟੇ ਬੱਚਿਆਂ ਦੀ ਅੰਕਾਂ ਅਤੇ ਗਿਣਤੀ ’ਤੇ ਪਕੜ ਬਣਦੀ ਹੈ। ਰੋਜ਼ਾਨਾ ਖੇਡਦੇ ਰਹਿਣ ਨਾਲ ਬੱਚਿਆਂ ਨੂੰ ਨਿਯਮਾਂ, ਸੀਮਾਵਾਂ ਅਤੇ ਖ਼ੁਦ ਦੇ ਬਣਾਏ ਬੰਧਨਾਂ ਦੇ ਪਾਲਣ ਦੀ ਆਦਤ ਪੈਂਦੀ ਹੈ। ਮਸਤੀ ਦੀ ਧੁਨ ਵਿਚ ਲੰਬੇ ਸਮੇਂ ਤਕ ਨਿੱਠ ਕੇ ਖੇਡਦਿਆਂ ਜਿੱਥੇ ਬੱਚੇ ਦਾ ਦਮ ਪੱਕਦਾ ਹੈ, ਉੱਥੇ ਅਣਜਾਣੇ ਵਿਚ ਹੀ ਇਕਾਗਰਤਾ ਦਾ ਅਭਿਆਸ ਵੀ ਹੋ ਜਾਂਦਾ ਹੈ। ਹਰ ਵਾਰ ਨਵੀਂ ਤੈਅ ਥਾਂ ਉੱਪਰ ਡੀਟੀ ਸੁੱਟਣ ਅਤੇ ਨਿਰਧਾਰਤ ਅੰਤਰਾਲ ਅੰਦਰ ਰਹਿ ਕੇ ਛੜੱਪੇ ਮਾਰਨ ਦੇ ਅਭਿਆਸ ਨਾਲ ਬੱਚਿਆਂ ਨੂੰ ਵਜ਼ਨ ਤੇ ਦੂਰੀ ਦਾ ਨਿਸ਼ਾਨੇ ਤੇ ਅੰਦਾਜ਼ੇ ਨਾਲ ਅਨੁਪਾਤਕ ਸਬੰਧ ਪਤਾ ਲੱਗਦਾ ਹੈ। ਬਣਾਏ ਗਏ ਨਿਯਮਾਂ ਨੂੰ ਯਾਦ ਰੱਖਣਾ, ਹਰ ਮੀਤੀ ਤੋਂ ਬਾਅਦ ਆਪਣੇ ਅਤੇ ਸਾਥੀ ਖਿਡਾਰੀ ਦੇ ਚੱਲਦੇ ਖਾਨੇ ਦਾ ਨੰਬਰ ਯਾਦ ਰੱਖਣਾ, ਖਾਕੇ ਦਾ ਆਕਾਰ ਜਾਂ ਘੇਰਾ ਧਿਆਨ ਵਿਚ ਰੱਖਣਾ ਆਦਿ ਯਾਦਾਸ਼ਤ ਨੂੰ ਤੇਜ਼ ਕਰਦਾ ਹੈ। ਇਸ ਨਾਲ ਬੱਚਿਆਂ ਵਿਚ ਸਰੀਰ ਅਤੇ ਵਸਤੂ ਦੇ ਗਤੀ ਬੋਧ ਦੀ ਮੁਹਾਰਤ ਵੀ ਹਾਸਲ ਹੁੰਦੀ ਹੈ। ਇਹ ਖੇਡ ਭਾਵੇਂ ਬੱਚਿਆਂ ਦੀ ਹੈ, ਪਰ ਚੀਨੀ ਲੋਕਾਂ ਨੇ ਇਸ ਨੂੰ ਜੀਵਨ ਅਨੁਸ਼ਾਸਨ ਅਤੇ ਧਾਰਮਿਕ ਅਕੀਦਿਆਂ ਨਾਲ ਵੀ ਜੋੜ ਕੇ ਦੇਖਿਆ ਹੈ, ਉਹ ਮੰਨਦੇ ਹਨ ਕਿ ਡੀਟੀ ਮਨੁੱਖੀ ਰੂਹ ਹੈ, ਲਾਈਨਾਂ ਧਰਮ ਤੇ ਅਕੀਦੇ ਦੀਆਂ ਸੀਮਾਵਾਂ ਦੇ ਬੰਧਨ ਹਨ ਅਤੇ ਮਕਸਦ ਕਮੀਆਂ ਦੂਰ ਕਰਕੇ ਨਰਕ ਤੋਂ ਬਚ ਕੇ ਗੁਣਾਂ ਨਾਲ ਸਵਰਗ ਦੀ ਪ੍ਰਾਪਤੀ ਕਰਨਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਤੋਂ ਹੀ ਬਚਪਨ ਨੂੰ ਤੰਦਰੁਸਤ ਜਵਾਨੀ ਵੱਲ ਲਿਜਾਣ ਵਿਚ ਪੇਂਡੂ ਖੇਡਾਂ ਦਾ ਬਹੁਤ ਯੋਗਦਾਨ ਰਿਹਾ ਹੈ, ਇਸ ਲਈ ਸਾਨੂੰ ਵਿਰਾਸਤੀ ਅਤੇ ਰਵਾਇਤੀ ਖੇਡਾਂ ਨੂੰ ਉਸੇ ਰੂਪ ਵਿਚ ਸਾਂਭਣ ਅਤੇ ਜਾਰੀ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।
ਸੰਪਰਕ: 85678-72291