ਜਸਵੰਤ ਜੱਸ
ਫ਼ਰੀਦਕੋਟ, 13 ਅਗਸਤ
ਇਸ ਵਾਰ ਇੱਥੋਂ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸ.ਸੀ. (ਖੇਤੀਬਾੜੀ) ਲਈ ਦਾਖਲੇ ਨਹੀਂ ਹੋ ਰਹੇ। ਪਤਾ ਲੱਗਾ ਹੈ ਕਿ ਸਹੂਲਤਾਂ ਦੀ ਘਾਟ ਕਾਰਨ ਖੇਤੀਬਾੜੀ ਕੌਂਸਲ ਪੰਜਾਬ ਨੇ ਦਾਖ਼ਲਿਆਂ ਲਈ ਕਾਲਜ ਨੂੰ ਮਨਜ਼ੂਰੀ ਨਹੀਂ ਦਿੱਤੀ। ਫ਼ਰੀਦਕੋਟ ਬ੍ਰਿਜਿੰਦਰਾ ਕਾਲਜ ਕੋਲ ਬੀ.ਐੱਸ.ਸੀ (ਖੇਤੀਬਾੜੀ) ਲਈ 100 ਸੀਟਾਂ ਰਾਖਵੀਂਆਂ ਹਨ। ਖੇਤੀਬਾੜੀ ਕੌਂਸਲ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਦੀ ਪੜ੍ਹਾਈ ਲਈ ਕਾਲਜ ਕੋਲ 25 ਏਕੜ ਜ਼ਮੀਨ, ਲੋੜੀਂਦਾ ਸਟਾਫ ਅਤੇ ਲੈਬੋਰੇਟਰੀਆਂ ਅਤੇ ਖੋਜ ਕਾਰਜਾਂ ਦਾ ਸਾਮਾਨ ਹੋਣਾ ਲਾਜ਼ਮੀ ਹੈ ਪਰੰਤੂ ਬ੍ਰਿਜਿੰਦਰਾ ਕਾਲਜ ਕੋਲ ਬੀ.ਐੱਸ.ਸੀ ਖੇਤੀਬਾੜੀ ਲਈ ਲੋੜੀਂਦੇ ਸਟਾਫ, ਜ਼ਮੀਨ ਅਤੇ ਸਾਜ਼ੋ-ਸਾਮਾਨ ਦੀ ਵੱਡੀ ਘਾਟ ਹੈ। ਬੀ.ਐੱਸ. ਸੀ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਲਵਦੀਪ ਸਿੰਘ, ਰਾਜਕਿਰਨ ਸਿੰਘ, ਵਰਿੰਦਰ ਸਿੰਘ ਅਤੇ ਅਨਮੋਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਬ੍ਰਿਜਿੰਦਰਾ ਕਾਲਜ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਖੇਤੀਬਾੜੀ ਕੌਂਸਲ ਦੇ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ ਪਰੰਤੂ ਇਸ ਦੇ ਬਾਵਜੂਦ ਕੁਝ ਨਹੀਂ ਹੋਇਆ।
ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕਾਲਜ ਦੀਆਂ ਸਮੱਸਿਆਵਾਂ ਸਬੰਧੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਚੁੱਕੇ ਹਨ ਅਤੇ ਜਲਦ ਹੀ ਕੋਈ ਸਿੱਟਾ ਨਿੱਕਲਣ ਦੀ ਸੰਭਾਵਨਾ ਹੈ। ਇਸ ਦੌਰਾਨ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨਾ ਦੇ ਕੇ ਅਧਿਕਾਰੀਆ ਨੂੰ ਮੰਗ ਪੱਤਰ ਸੌਂਪਦਿਆਂ ਧਰਨੇ ’ਤੇ ਬੈਠਣ ਦੀ ਚਿਤਾਵਨੀ ਦਿੱਂਤੀ।