ਜੰਮੂ, 13 ਅਗਸਤ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਇੱਕ ਭਾਜਪਾ ਨੇਤਾ ਦੇ ਘਰ ’ਤੇ ਹੱਥਗੋਲੇ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋਏ ਤਿੰਨ ਵਰ੍ਹਿਆਂ ਦੇ ਬੱਚੇ ਨੇ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਦਮ ਤੋੜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਖਾਂਡਲੀ ਇਲਾਕੇ ’ਚ ਭਾਜਪਾ ਨੇਤਾ ਜਸਬੀਰ ਸਿੰਘ ਦੇ ਘਰ ’ਤੇ ਵੀਰਵਾਰ ਰਾਤ ਨੂੰ ਹਮਲੇ ’ਚ ਜ਼ਖ਼ਮੀ ਹੋਏ ਪਰਿਵਾਰ ਦੇ ਸੱਤ ਮੈਂਬਰਾਂ ’ਚ ਬੱਚਾ ਵੀਰ ਵੀ ਸ਼ਾਮਲ ਸੀ। ਅਧਿਕਾਰੀਆਂ ਮੁਤਾਬਕ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਵੀਰ ਦੀ ਲੱਗਪਗ ਅੱਧੀ ਰਾਤ ਸਮੇਂ ਮੌਤ ਹੋ ਗਈ। ਇਸ ਹਮਲੇ ’ਚ ਜਸਬੀਰ ਸਿੰਘ ਵੀ ਜ਼ਖ਼ਮੀ ਹੋਏ ਹਨ। ਇਸੇ ਦੌਰਾਨ ਭਾਜਪਾ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਭਾਜਪਾ ਨੇ ਪਰਿਵਾਰ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਜਸਬੀਰ ਸਿੰਘ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਇਸ ਹਮਲੇ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਜੰਮੂ-ਕਸ਼ਮੀਰ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਨੇ ਕਿਹਾ ਕਿ ਭਾਜਪਾ ਨੇਤਾਵਾਂ ’ਤੇ ਦਹਿਸ਼ਤੀ ਹਮਲਿਆਂ ਦੀ ਯੋਜਨਾ ਪਾਕਿਸਤਾਨ ਵੱਲੋਂ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਹਮਲੇ ਦੀ ਕਰੜੀ ਨਿਖੇਧੀ ਕਰਦੇ ਹਾਂ। ਪੁਲੀਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।’ -ਪੀਟੀਆਈ
ਉਪ ਰਾਜਪਾਲ, ਮਹਿਬੂਬਾ ਅਤੇ ਕਾਂਗਰਸ ਵੱਲੋਂ ਹਮਲੇ ਦੀ ਨਿਖੇਧੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਜੌਰੀ ਜ਼ਿਲ੍ਹੇ ’ਚ ਭਾਜਪਾ ਨੇਤਾ ਜਸਬੀਰ ਸਿੰਘ ਘਰ ’ਤੇ ਹਮਲੇ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਗੰਭੀਰ ਅਪਰਾਧ ਕਰਨ ਵਾਲੇ ਮੁਜਰਮਾਂ ਨੂੰ ਜਲਦੀ ਹੀ ਇਨਸਾਫ਼ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਪੀਡੀਪੀ ਦੀ ਪ੍ਰਧਾਨ ਮੁਫ਼ਤੀ ਮਹਿਬੂਬਾ ਨੇ ਵੀ ਹਮਲੇ ਦੀ ਨਿਖੇਧੀ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਕਾਂਗਰਸ ਨੇ ਹਮਲੇ ਦੀ ਨਿਖੇਧੀ ਕਰਦਿਆਂ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਵਿੰਦਰ ਸ਼ਰਮਾ ਨੇ ਬੱਚੇ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ, ‘ਅਸੀਂ ਜ਼ਿਲ੍ਹੇ ’ਚ ਸੁਰੱਖਿਆ ਕਰੜੀ ਕਰਨ ਦੀ ਮੰਗ ਕਰਦੇ ਹਾਂ। ਅਸੀਂ ਸਰਹੱਦ ਪਾਰੋਂ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਲੜਾਈ ਵਿੱਚ ਇੱਕਜੁਟ ਹਾਂ।’ -ਪੀਟੀਆਈ