ਧਰਮਪਾਲ
ਸਟਾਰ ਪਲੱਸ ਕਈ ਤਰ੍ਹਾਂ ਦੇ ਸ਼ੋਅ’ਜ਼ ਲੈ ਕੇ ਆ ਰਿਹਾ ਹੈ। ਆਪਣੀਆਂ ਪੇਸ਼ਕਸ਼ਾਂ ਦੇ ਇਸ ਗੁਲਦਸਤੇ ਨੂੰ ਵਧਾਉਂਦੇ ਹੋਏ ਚੈਨਲ ਸਾਡੇ ਲਈ ਇਕ ਹੋਰ ਨਵਾਂ ਸ਼ੋਅ ਲਿਆਉਣ ਲਈ ਤਿਆਰ ਹੈ ਜਿਸ ਦਾ ਨਾਂ ਹੈ ‘ਚੀਕੂ ਕੀ ਮੰਮੀ ਦੂਰ ਕੀ’। ਇਨਵਿਕਟਸ ਟੀ ਮੀਡੀਆ ਵਰਕਸ ਅਤੇ ਫੋਰ ਲਾਇਨਜ਼ ਫ਼ਿਲਮਜ਼ ਵੱਲੋਂ ਨਿਰਮਤ ਇਹ ਸ਼ੋਅ ਜਲਦੀ ਹੀ ਚੈਨਲ ’ਤੇ ਪ੍ਰਸਾਰਿਤ ਹੋਣ ਵਾਲਾ ਹੈ। ਸ਼ੋਅ ਦੇ ਪ੍ਰੋਮੋ ਦਰਸ਼ਕਾਂ ਦਾ ਧਿਆਨ ਖਿੱਚ ਰਹੇ ਹਨ।
ਸ਼ੋਅ ਵਿਚ ਮੁੱਖ ਅਭਿਨੇਤਰੀ ਦੀ ਭੂਮਿਕਾ ਨਿਭਾਉਣ ਵਾਲੀ ਪ੍ਰਤਿਭਾਸ਼ਾਲੀ ਅਭਿਨੇਤਰੀ ਪ੍ਰਿਧੀ ਸ਼ਰਮਾ ਦੱਸਦੀ ਹੈ, ‘‘ਇਕ ਮਾਂ ਸ਼ਕਤੀ ਅਤੇ ਨਿਰਸਵਾਰਥ ਪ੍ਰੇਮ ਦਾ ਪ੍ਰਤੀਕ ਹੈ। ਮੇਰੇ ਲਈ ‘ਚੀਕੂ ਕੀ ਮੰਮੀ ਦੂਰ ਕੀ’ ਸਿਰਫ਼ ਇਕ ਪ੍ਰਾਜੈਕਟ ਨਹੀਂ ਹੈ, ਇਹ ਮੇਰੇ ਲਈ ਨਵਾਂ ਅਨੁਭਵ ਅਤੇ ਇਕ ਨਵੀਂ ਯਾਤਰਾ ਹੈ ਜਿਸ ਵਿਚ ਮੈਂ ਦਰਸ਼ਕਾਂ ਨੂੰ ਇਕ ਮਾਂ ਦੀਆਂ ਅਣਗਿਣਤ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਭਾਗ ਲਿਆ ਹੈ। ਇਕ ਅਭਿਨੇਤਰੀ ਅਤੇ ਇਕ ਮਾਂ ਦੇ ਰੂਪ ਵਿਚ ਮੈਂ ਮਹਿਸੂਸ ਕੀਤਾ ਕਿ ਮੇਰੇ ਕਿਰਦਾਰ ਨੁਪੁਰ ਨੂੰ ਜਿਨ੍ਹਾਂ ਭਾਵਨਾਵਾਂ ਤੋਂ ਗੁਜ਼ਰਨਾ ਹੋਵੇਗਾ, ਉਹ ਬਹੁਤ ਮਜ਼ਬੂਤ ਅਤੇ ਸ਼ਕਤੀਸ਼ਾਲੀ ਹਨ। ਹਰ ਬਾਰੀਕੀ, ਹਰ ਪ੍ਰਤੀਕਿਰਿਆ ਜੋ ਮੇਰੇ ਕਿਰਦਾਰ ਵਿਚ ਪਰਦੇ ’ਤੇ ਦਿਖਾਈ ਦੇਵੇਗੀ, ਉਹ ਕੁਝ ਅਜਿਹੀ ਹੈ ਜੋ ਮੈਂ ਉਦੋਂ ਮਹਿਸੂਸ ਕੀਤੀ ਜਦੋਂ ਮੈਨੂੰ ਇਹ ਕਹਾਣੀ ਸੁਣਾਈ ਜਾ ਰਹੀ ਸੀ। ਇਕ ਕਲਾਕਾਰ ਦੇ ਰੂਪ ਵਿਚ ਤੁਸੀਂ ਹਮੇਸ਼ਾਂ ਸਿੱਖਦੇ ਰਹਿੰਦੇ ਹੋ। ਇਸ ਦਾ ਕੋਈ ਅੰਤ ਨਹੀਂ ਹੈ ਅਤੇ ਇਸ ਨਵੇਂ ਸ਼ੋਅ ਨਾਲ ਮੈਂ ਮਾਂ-ਬੇਟੀ ਦੇ ਰਿਸ਼ਤੇ ਦੀਆਂ ਬਾਰੀਕੀਆਂ ਨੂੰ ਜਾਣਨਾ ਚਾਹੁੰਦੀ ਹਾਂ। ਮੈਂ ਅਸਲ ਵਿਚ ਇਸ ਸ਼ੁਰੂਆਤ ਦਾ ਇੰਤਜ਼ਾਰ ਕਰ ਰਹੀ ਹਾਂ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕਾਂ ਨੂੰ ਤਾਕਤ ਅਤੇ ਆਸ਼ਾ ਭਰੀ ਇਹ ਖ਼ੂਬਸੂਰਤ ਕਹਾਣੀ ਪਸੰਦ ਆਵੇਗੀ।’’
ਜੋੜੀਆਂ ਦਾ ਸ਼ੋਅ
ਸੋਨੀ ਸਬ ਅਤੇ ਸਨਸ਼ਾਈਨ ਪ੍ਰੋਡਕਸ਼ਨਜ਼ ਰੁਮਾਂਸ ਅਤੇ ਜ਼ਿੰਦਾਦਿਲੀ ’ਤੇ ਆਧਾਰਿਤ ਇਕ ਨਵਾਂ ਸ਼ੋਅ ‘ਜ਼ਿੱਦੀ ਦਿਲ-ਮਾਨੇ ਨਾ’ ਲੈ ਕੇ ਆ ਰਹੇ ਹਨ। ਇਸ ਸ਼ੋਅ ਦੀ ਕਹਾਣੀ ਬੇਹੱਦ ਦਿਲਚਸਪ ਹੈ ਅਤੇ ਇਸ ਵਿਚ ਕਈ ਬਿਹਤਰੀਨ ਕਲਾਕਾਰ ਨਜ਼ਰ ਆਉਣਗੇ। ਇਸ ਸ਼ੋਅ ਦਾ ਪ੍ਰੋਮੋ ਹਾਲ ਹੀ ਵਿਚ ਲਾਂਚ ਹੋਇਆ ਸੀ ਜਿਸ ਦੇ ਬਾਅਦ ਲੋਕਾਂ ਵਿਚ ਇਸ ਨੂੰ ਲੈ ਕੇ ਬੇਤਾਬੀ ਕਾਫ਼ੀ ਵਧ ਗਈ ਹੈ। ਇਸ ਸ਼ੋਅ ਵਿਚ ਪਰਾਕ੍ਰਮ ਐੱਸਏਐੱਫ (ਸਪੈਸ਼ਲ ਐਕਸ਼ਨ ਫੋਰਸ) ਬੇਸ ਕੈਂਪ ਵਿਚ ਇਕ ਦੂਜੇ ਨਾਲ ਮਿਲਣ ਵਾਲੇ ਕਈ ਅਲੱਗ-ਅਲੱਗ ਕਿਰਦਾਰਾਂ ਨੂੰ ਦਿਖਾਇਆ ਜਾਵੇਗਾ। ‘ਜ਼ਿੱਦੀ ਦਿਲ-ਮਾਨੇ ਨਾ’ ਵਿਚ ਸ਼ਾਲੀਨ ਮਲਹੋਤਰਾ, ਕਾਵੇਰੀ ਪ੍ਰਿਯਮ, ਕੁਣਾਲ ਕਰਨ ਕਪੂਰ, ਦਿਲਜੋਤ ਛਾਬੜਾ, ਆਦਿੱਤਿਆ ਦੇਸ਼ਮੁਖ ਅਤੇ ਸਿੰਪਲ ਕੌਲ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਸ਼ੋਅ ਦਾ ਪ੍ਰਸਾਰਣ ਇਸ ਮਹੀਨੇ ਤੋਂ ਸੋਨੀ ਸਬ ’ਤੇ ਸ਼ੁਰੂ ਹੋਵੇਗਾ।
ਇਹ ਸ਼ੋਅ ਜ਼ਿੰਦਗੀ ਪ੍ਰਤੀ ਬਹੁਤ ਅਲੱਗ ਨਜ਼ਰੀਏ ਨਾਲ ਨਵੀਂ ਸੋਚ ਦੇਣ ਦਾ ਵਾਅਦਾ ਕਰਦਾ ਹੈ। ਜ਼ਿੱਦੀ ਦਿਲ ਦੇ ਨੌਜਵਾਨ ਕੈਡੇਟਸ ਆਪਣੇ ਜ਼ਿੰਦਾਦਿਲ ਜੋਸ਼ ਨਾਲ ਦਰਸ਼ਕਾਂ ਨੂੰ ਬੰਨ੍ਹਕੇ ਰੱਖਣਗੇ। ਸ਼ੋਅ ਦੇ ਕਿਰਦਾਰਾਂ ਵਿਚਕਾਰ ਦਿਖਾਇਆ ਜਾਣ ਵਾਲਾ ਤਾਲਮੇਲ ਇਕ ਤਾਜ਼ਗੀ ਲੈ ਕੇ ਆਵੇਗਾ ਅਤੇ ਇਸ ਵਿਚ ਰੁਮਾਂਸ, ਦੋਸਤੀ ਸਭ ਕੁਝ ਹੋਵੇਗਾ। ਇਸ ਦੀ ਕਹਾਣੀ ਨੌਜਵਾਨਾਂ ’ਤੇ ਕੇਂਦਰਿਤ ਹੈ, ਇਸ ਲਈ ਇਹ ਦਰਸ਼ਕਾਂ ਲਈ ਨਿਸ਼ਚਤ ਰੂਪ ਨਾਲ ਦੇਖਣ ਲਾਇਕ ਸ਼ੋਅ ਹੋਵੇਗਾ। ਟੈਲੀਵਿਜ਼ਨ ’ਤੇ ਆਉਣ ਨੂੰ ਇਸ ਸ਼ੋਅ ਨੂੰ ਅਜੇ ਸਮਾਂ ਬਾਕੀ ਹੈ, ਇਸ ਲਈ ਤੁਹਾਨੂੰ ਸ਼ੋਅ ਦੀਆਂ ਤਿੰਨ ਜੋੜੀਆਂ ਨਾਲ ਮਿਲਾਉਂਦੇ ਹਾਂ।
ਸਪੈਸ਼ਲ ਏਜੰਟ ਕਰਨ ਸ਼ੇਰਗਿਲ ਅਤੇ ਡਾ. ਮੋਨਾਮੀ : ਇਹ ਦੋਵੇਂ ਕਿਰਦਾਰ ਕਈ ਲੋਕਾਂ ਨੂੰ ਆਪਣੇ ਟੀਚੇ ਲਈ ਸਮਰਪਿਤ ਅਤੇ ਪ੍ਰੋਢ ਲੱਗ ਸਕਦੇ ਹਨ, ਪਰ ਇਹ ਦਿਲ ਤੋਂ ਬਿਲਕੁਲ ਨੌਜਵਾਨ ਹਨ। ਡਾ. ਮੋਨਾਮੀ (ਕਾਵੇਰੀ ਪ੍ਰਿਯਮ) ਉਤਸ਼ਾਹੀ ਅਤੇ ਚੰਗੇ ਵਤੀਰੇ ਵਾਲੀ ਹੈ, ਉਹ ਸਪੈਸ਼ਲ ਏਜੰਟ ਕਰਨ (ਸ਼ਾਲੀਨ ਮਲਹੋਤਰਾ) ਨਾਲ ਹੋਵੇਗੀ ਜਿਨ੍ਹਾਂ ਦੀਆਂ ਆਪਣੀਆਂ ਧਾਰਨਾਵਾਂ ਅਤੇ ਅਨੁਸ਼ਾਸਨ ਨਾਲ ਭਰਪੂਰ ਰਵੱਈਆ ਹੈ। ਇਨ੍ਹਾਂ ਦੀਆਂ ਇਹ ਗੱਲਾਂ ਇਨ੍ਹਾਂ ਨੂੰ ਪਰਫੈਕਟ ਜੋੜੀ ਬਣਾਉਂਦੀਆਂ ਹਨ।
ਸਪੈਸ਼ਲ ਏਜੰਟ ਸੰਜਨਾ ਅਤੇ ਸਿਡ ਗੰਜੂ: ਸਪੈਸ਼ਲ ਏਜੰਟ ਸੰਜਨਾ (ਦਿਲਜੋਤ ਛਾਬੜਾ) ਨਾਲ ਭਿੜਨਾ ਕਿਸੇ ਦੇ ਵਸ ਦਾ ਨਹੀਂ ਹੈ। ਜਦੋਂਕਿ ਸਿਡ ਗੰਜੂ (ਕੁਣਾਲ ਕਰਨ ਸਿੰਘ) ਇਕ ਧਨਵਾਨ, ਬਿਗੜੈਲ ਅਤੇ ਲਾਪਰਵਾਹ ਆਦਮੀ ਹੈ ਜਿਸ ਦੀ ਜ਼ਿੰਦਗੀ ਅਤੇ ਆਪਣੇ ਕਰਤੱਵ ਪ੍ਰਤੀ ਸੋਚ ਬਹੁਤ ਸਾਧਾਰਨ ਹੈ। ਸਿਡ ਇਸ ਕਠੋਰ ਦਿਲ ਵਾਲੀ ਔਰਤ ਦਾ ਦਿਲ ਕਿਵੇਂ ਜਿੱਤੇਗਾ ਜੋ ਆਪਣੀ ਹੀ ਜ਼ਿੱਦ ’ਤੇ ਅੜੀ ਰਹਿੰਦੀ ਹੈ।
ਸਪੈਸ਼ਲ ਏਜੰਟ ਫੈਜ਼ੀ ਅਤੇ ਨਰਸ ਕੋਇਲ: ਸਪੈਸ਼ਲ ਏਜੰਟ ਫੈਜ਼ੀ (ਆਦਿੱਤਿਆ ਦੇਸ਼ਮੁਖ) ਰੁਮਾਂਸ ਲਈ ਤਾਂ ਹਮੇਸ਼ਾਂ ਤਿਆਰ ਰਹਿੰਦਾ ਹੈ, ਪਰ ਵਚਨਬੱਧਤਾ ਦੇ ਮਾਮਲੇ ਵਿਚ ਹਮੇਸ਼ਾਂ ਬਚਣ ਦੇ ਤਰੀਕੇ ਲੱਭ ਲੈਂਦਾ ਹੈ। ਨਰਸ ਕੋਇਲ (ਸਿੰਪਲ ਕੌਲ) ਇਕ ਆਤਮਨਿਰਭਰ ਅਤੇ ਸ਼ਾਂਤ ਸੁਭਾਅ ਦੀ ਔਰਤ ਹੈ ਜਿਸ ਕੋਲ ਪਿਆਰ ਕਰਨ ਦਾ ਸਮਾਂ ਨਹੀਂ ਹੈ। ਉਸ ਨੂੰ ਕੇਵਲ ਆਪਣੇ ਬੇਟੇ ਦੀ ਦੇਖਭਾਲ ਅਤੇ ਸੁਰੱਖਿਆ ਚਾਹੀਦੀ ਹੈ ਜਿਸ ਨੂੰ ਉਸ ਨੇ ਦੁਨੀਆ ਤੋਂ ਲੁਕਾ ਕੇ ਰੱਖਿਆ ਹੋਇਆ ਹੈ।
ਸਾਦਗੀ ਪਸੰਦ ਰੂਪਲ ਪਟੇਲ
ਰੀਲ ਲਾਈਫ ਵਿਚ ਰੂਪਲ ਪਟੇਲ ਜ਼ਿਆਦਾਤਰ ਭਾਰੀ ਪਹਿਰਾਵਾ, ਗਹਿਣੇ ਅਤੇ ਮੇਕਅਪ ਵਿਚ ਦੇਖੀ ਜਾਂਦੀ ਹੈ, ਜਦੋਂਕਿ ਆਪਣੀ ਅਸਲ ਜ਼ਿੰਦਗੀ ਵਿਚ ਉਹ ਬਿਲਕੁਲ ਸਾਧਾਰਨ ਨਜ਼ਰ ਆਉਂਦੀ ਹੈ ਅਤੇ ਉਹ ਕ੍ਰਿਸ਼ਨ ਭਗਵਾਨ ਦੀ ਭਗਤ ਵੀ ਹੈ। ‘ਸਾਥ ਨਿਭਾਨਾ ਸਾਥੀਆ‘ ਸ਼ੋਅ ਦੇ ਬਾਅਦ ਰੁਪਲ ਇਕ ਘਰੇਲੂ ਨਾਂ ਬਣ ਚੁੱਕੀ ਹੈ ਜੋ ਜਲਦੀ ਹੀ ਵੇਦ ਰਾਜ ਵੱਲੋਂ ਨਿਰਮਤ ਸ਼ੋਅ ‘ਤੇਰਾ ਮੇਰਾ ਸਾਥ ਰਹੇ’ ਵਿਚ ਮਿਥਿਲਾ ਦੇ ਕਿਰਦਾਰ ਵਿਚ ਨਜ਼ਰ ਆਵੇਗੀ।
ਰੂਪਲ ਦੱਸਦੀ ਹੈ, ‘‘ਮੈਂ ਜ਼ਿਆਦਾਤਰ ਡੇਲੀ ਸੋਪ ਵਿਚ ਮਜ਼ਬੂਤ ਕਿਰਦਾਰ ਨਿਭਾਉਂਦੀ ਹਾਂ ਅਤੇ ਅਕਸਰ ਕਿਰਦਾਰ ਦੀ ਮੰਗ ਅਨੁਸਾਰ ਮੈਨੂੰ ਭਾਰੀ ਸਾੜ੍ਹੀਆਂ, ਬਹੁਤ ਮੇਕਅਪ ਅਤੇ ਭਾਰੀ ਗਹਿਣੇ ਪਹਿਨਣੇ ਪੈਂਦੇ ਹਨ। ਮੈਂ ਸਕਰੀਨ ’ਤੇ ਇਹ ਸਭ ਦੇਖ ਕੇ ਖੁਸ਼ ਹਾਂ, ਪਰ ਅਸਲ ਜੀਵਨ ਵਿਚ ਮੈਂ ਸਾਦਗੀ ਨਾਲ ਰਹਿਣਾ ਪਸੰਦ ਕਰਦੀ ਹਾਂ। ਮੈਨੂੰ ਮੇਕਅਪ ਕਰਨਾ ਅਤੇ ਗਹਿਣੇ ਪਹਿਨਣਾ ਬਿਲਕੁਲ ਪਸੰਦ ਨਹੀਂ ਹੈ। ਜਦੋਂ ਮੈਂ ਸੈੱਟ ’ਤੇ ਨਹੀਂ ਹੁੰਦੀ ਤਾਂ ਮੈਂ ਰੁਪਲ ਬਣਨਾ ਪਸੰਦ ਕਰਦੀ ਹਾਂ ਨਾ ਕਿ ਆਪਣੇ ਕਿਰਦਾਰ ਵਿਚ ਰਹਿਣਾ। ਆਪਣੇ ਕਰੀਅਰ ਨੂੰ ਲੈ ਕੇ ਮੈਂ ਬਹੁਤ ਪੱਕੀ ਹਾਂ। ਨੈਸ਼ਨਲ ਸਕੂਲ ਆਫ ਡਰਾਮਾ (ਐੱਨਐੱਸਡੀ) ਤੋਂ ਲਈ ਟਰੇਨਿੰਗ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਇਸ ਨਾਲ ਮੈਨੂੰ ਹਿੰਦੀ ਅਤੇ ਗੁਜਰਾਤੀ ਵਰਗੀਆਂ ਭਾਸ਼ਾਵਾਂ ’ਤੇ ਮਜ਼ਬੂਤ ਪਕੜ ਬਣਾਉਣ ਵਿਚ ਮਦਦ ਮਿਲੀ ਹੈ।’’
ਦਰਅਸਲ, ਉਹ ਅਕਸਰ ਆਪਣੀ ਸਾਦਗੀ ਨੂੰ ਲੈ ਕੇ ਦਰਸ਼ਕਾਂ ਵਿਚ ਉਤਸੁਕਤਾ ਨੂੰ ਦੇਖਦੀ ਹੈ। ਉਹ ਦੱਸਦੀ ਹੈ, ‘‘ਲੋਕ ਮੈਨੂੰ ਪੱਛਮੀ ਪਹਿਰਾਵੇ ਵਿਚ ਦੇਖ ਕੇ ਹੈਰਾਨ ਹੋ ਜਾਂਦੇ ਹਨ ਜੋ ਕਾਫ਼ੀ ਹਾਸੋਹੀਣਾ ਲੱਗਦਾ ਹੈ। ਪਰ ਮੈਂ ਇਸ ਪ੍ਰਤੀਕਿਰਿਆ ਨੂੰ ਪਾ ਕੇ ਬਿਲਕੁਲ ਸ਼ਾਂਤ ਰਹਿੰਦੀ ਹਾਂ। ਮੈਂ ਬਸ ਇੰਨਾ ਚਾਹੁੰਦੀ ਹਾਂ ਕਿ ਦਰਸ਼ਕ ਮੈਨੂੰ ਮੇਰੀ ਪੇਸ਼ਕਾਰੀ ਲਈ ਪਿਆਰ ਕਰਨ।’’
ਆਪਣੇ ਕਿਰਦਾਰ ਬਾਰੇ ਰੂਪਲ ਨੇ ਦੱਸਿਆ, ‘‘ਮੇਰੇ ਕਿਰਦਾਰਾਂ ਨੂੰ ਬਹੁਤ ਸਖ਼ਤ ਅਤੇ ਅਨੁਸ਼ਾਸਿਤ ਦਿਖਾਇਆ ਜਾਂਦਾ ਹੈ ਜਦੋਂਕਿ ਮੈਂ ਕਾਫ਼ੀ ਜ਼ਮੀਨ ਨਾਲ ਜੁੜੀ ਹੋਈ ਅਤੇ ਸਹਿਜ ਹਾਂ। ਮੈਂ ਬਿਲਕੁਲ ਵੀ ਕਿਸੇ ’ਤੇ ਭਾਰੂ ਪੈਣ ਵਾਲੀ ਜਾਂ ਸਖ਼ਤ ਸੁਭਾਅ ਦੀ ਮਾਲਕ ਨਹੀਂ ਹਾਂ।’’