ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਨਵੰਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਸਿੰਘ ਚੌਟਾਲਾ ਨੇ ਕਿਹਾ ਹੈ ਕਿ 9 ਦਸੰਬਰ ਨੂੰ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਪੰਜਵੇਂ ਸਥਾਪਨਾ ਦਿਵਸ ’ਤੇ ਭਿਵਾਨੀ ਵਿਚ ਹੋਣ ਵਾਲੀ ਰੈਲੀ ਨੂੰ ਲੈ ਕੇ ਪਾਰਟੀ ਕਾਰਕੁਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹ ਰੈਲੀ ਇਤਿਹਾਸਕ ਹੋਵੇਗੀ। ਚੌਟਾਲਾ ਨੇ ਜੇਜੇਪੀ ਦੀ ਜ਼ਿਲ੍ਹਾ ਪੱਧਰੀ ਬੈਠਕ ਨੂੰ ਸੰਬੋਧਨ ਕੀਤਾ ਤੇ ਰੈਲੀ ਨੂੰ ਲੈ ਕੇ ਪਾਰਟੀ ਕਾਰਕੁਨਾਂ ਦੀਆਂ ਡਿਊਟੀਆਂ ਲਾਈਆਂ ਤੇ ਉਨਾਂ ਨੂੰ ਸੱਦਾ ਦਿੱਤਾ। ਚੌਟਾਲਾ ਨੇ ਕਿਹਾ ਕਿ ਕਾਰਕੁਨਾਂ ਦੀ ਮਿਹਨਤ ਨੇ ਪਾਰਟੀ ਨੂੰ ਪਿਛਲੇ ਚਾਰ ਸਾਲਾਂ ਵਿਚ ਨਵੇਂ ਮੁਕਾਮ ਤਕ ਪਹੁੰਚਾਇਆ ਹੈ। ਪਾਰਟੀ ਹਰਿਆਣਾ ਤੋਂ ਇਲਾਵਾ ਦਿੱਲੀ, ਗੁਜਰਾਤ, ਯੂਪੀ ਸਣੇ ਕਈ ਹੋਰ ਸੂਬਿਆਂ ਵਿਚ ਆਪਣੇ ਸੰਗਠਨ ਦਾ ਵਿਸਤਾਰ ਕਰ ਰਹੀ ਹੈ। ਉਨਾਂ ਕਿਹਾ ਕਿ ਜਨਨਾਇਕ ਚੌਧਰੀ ਦੇਵੀ ਲਾਲ ਦੀ ਕਮੇਰੇ ਵਰਗ ਨੂੰ ਮਜ਼ਬੂਤ ਕਰਨ ਦੀ ਸੋਚ ਨੂੰ ਲੈ ਕੇ ਪਾਰਟੀ ਅਗੇ ਵਧ ਰਹੀ ਹੈ। ਉਨਾਂ ਨੇ ਨਵਂ ਚੁਣੇ ਸਰਪੰਚਾਂ, ਪੰਚਾਂ, ਕੌਂਸਲਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਛੋਟੀ ਸਰਕਾਰ ਦੀ ਤਾਕਤ ਨਿਰੰਤਰ ਵਧਾਈ ਗਈ ਹੈ ਤੇ ਨਵੀਆਂ ਪੰਚਾਇਤਾ ਰਾਹੀਂ ਪਿੰਡਾਂ ਦੇ ਵਿਕਾਸ ਵਿਚ ਤੇਜ਼ੀ ਆਏਗੀ। ਕਾਂਗਰਸ ਨੂੰ ਲੰਮੇ ਹੱਥੀ ਲੈਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅੰਤ ਆ ਗਿਆ ਹੈ ਤੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਹੀਂ ਬਲਕਿ ਭਾਰਤ ਤੋੜੋ ਯਾਤਰਾ ਹੈ। ਕਾਂਗਰਸ ਹਰ ਥਾਂ ਆਪਸ ਵਿੱਚ ਗੁਥਮ ਗੁਥਾ ਹੋ ਰਹੀ ਹੈ। ਇਸ ਮੌਕੇ ਵਿਧਾਇਕ ਰਾਮ ਕਰਣ ਕਾਲਾ, ਕੁਲਦੀਪ ਜਖਵਾਲਾ, ਕੁਲਦੀਪ ਸਿੰਘ ਮੁਲਤਾਨੀ, ਗੁਲਸ਼ਨ ਕਵਾਤਰਾ, ਜਗਬੀਰ ਮੋਹੜੀ, ਸੂਬੇ ਸਿੰਘ ਔਜਲਾ, ਡਾ ਜਸਵਿੰਦਰ ਸਿੰਘ ਖਹਿਰਾ ਆਦਿ ਤੇ ਪਾਰਟੀ ਕਾਰਕੁਨ ਮੌਜੂਦ ਸਨ।